ਗਗਨਦੀਪ ਅਰੋੜਾ
ਲੁਧਿਆਣਾ, 26 ਅਪਰੈਲ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨਾਲ ਕੀਤੇ ਗਏ ਸਮਝੌਤੇ ਬਾਰੇ ਆਖਿਆ ਕਿ ਹੁਣ ਭਗਵੰਤ ਮਾਨ ਦਾ ਇਨਕਲਾਬ ਵਾਲਾ ਜੋਸ਼ ਖ਼ਤਮ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਹੁਣ ਦਿੱਲੀ ਦੇ ਮੁੱਖ ਮੰਤਰੀ ਦੇ ਦਬਾਅ ਹੇਠ ਨਜ਼ਰ ਆ ਰਹੇ ਹਨ। ਬਾਜਵਾ ਅੱਜ ਇੱਥੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਸਰਾਭਾ ਨਗਰ ਸਥਿਤ ਘਰ ਪੁੱਜੇ ਸਨ, ਜਿੱਥੇ ਸਾਰੇ ਸਾਬਕਾ ਵਿਧਾਇਕ ਤੇ ਕਾਰਜਕਾਰੀ ਸੂਬਾ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਵੀ ਮੌਜੂਦ ਸਨ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ’ਚ ਜਿਸ ਤਰ੍ਹਾਂ ਇਨਕਲਾਬ ਦੀ ਝਲਕ ਪੈਂਦੀ ਸੀ, ਉਹ ਹੁਣ ਨਜ਼ਰ ਨਹੀਂ ਆਉਂਦੀ। ਉਹ ਜਦੋਂ ਤੋਂ ਮੁੱਖ ਮੰਤਰੀ ਬਣੇ ਹਨ, ਉਦੋਂ ਦੇ ਦੱਬੇ-ਦੱਬੇ ਰਹਿੰਦੇ ਹਨ। ਉਹ ਇਨਕਲਾਬ ਵਾਲੀਆਂ ਗੱਲਾਂ ਵੀ ਭੁੱਲ ਗਏ ਲੱਗਦੇ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਬਿਨਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਏ ਵੱਖ-ਵੱਖ ਵਿਭਾਗਾਂ ਦੇ 18 ਸਮਝੌਤੇ ਸਾਈਨ ਕਰ ਦਿੱਤੇ ਹਨ, ਜਿਸ ਦਾ ਕਾਂਗਰਸ ਵਿਰੋਧ ਕਰਦੀ ਹੈ। ਮਾਨ ਪੰਜਾਬ ਨੂੰ ਠੇਕੇ ’ਤੇ ਦੇਣ ਦੀ ਤਿਆਰੀ ਕਰ ਰਹੇ ਹਨ।
ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਤੋਂ ਵੱਖ ਹੋ ਕੇ ਚੱਲਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਾਜਵਾ ਨੇ ਕਿਹਾ ਕਿ ਅੱਜ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਆਏ ਹਨ। ਪਾਰਟੀ ’ਚ ਕੀ ਹੋ ਰਿਹਾ ਹੈ ਜਾਂ ਕੀ ਨਹੀਂ, ਇਹ ਬਾਅਦ ਦੀ ਗੱਲ ਹੈ। ਇਸ ਮੌਕੇ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਕੁਲਦੀਪ ਵੈਦ, ਸੰਜੈ ਤਲਵਾੜ, ਵਿਕਰਮ ਬਾਜਵਾ, ਈਸ਼ਰਵਜੋਤ ਚੀਮਾ ਤੇ ਹੋਰ ਆਗੂ ਹਾਜ਼ਰ ਸਨ।
ਪਾਇਲ (ਦੇਵਿੰਦਰ ਸਿੰਘ ਜੱਗੀ): ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਪਰ ਇਸ ਸਬੰਧੀ ‘ਆਪ’ ਆਗੂਆਂ ਨੂੰ ਵਿਧਾਨ ਸਭਾ ਵਿੱਚ ਘੇਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਪੰਜਾਬ ਦੇ ਲੋਕ ਸੁਰੱਖਿਅਤ ਨਹੀਂ ਹਨ। ਰੋਜ਼ਾਨਾ ਕਤਲ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਬਾਜਵਾ ਅੱਜ ਇੱਥੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨਾਲ ਉਨ੍ਹਾਂ ਦੀ ਮਾਤਾ ਮੇਹਰ ਕੌਰ ਦੀ ਮੌਤ ’ਤੇ ਦੁੱਖ ਸਾਂਝਾ ਕਰਨ ਪੁੱਜੇ ਸਨ।
ਸਰਕਾਰ ਨੇ ਮੁਫ਼ਤ ਬਿਜਲੀ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ: ਰਾਜਾ ਵੜਿੰਗ
ਭੁੱਚੋ ਮੰਡੀ (ਪਵਨ ਗੋਇਲ): ਨਗਰ ਕੌਂਸਲ ਭੁੱਚੋ ਮੰਡੀ ਦੇ ਪ੍ਰਧਾਨ ਜੌਨੀ ਬਾਂਸਲ ਦੇ ਘਰ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਪਹਿਲੀ ਜੁਲਾਈ ਤੋਂ 600 ਯੂਨਿਟ ਮੁਆਫ਼ ਕਰਨ ਦਾ ਫ਼ੈਸਲਾ ਤਾਂ ਲਿਆ ਹੈ ਪਰ ਹਾਲੇ ਤੱਕ ਇਸ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਇਸ ਫ਼ੈਸਲੇ ਦੀ ਅਸਲ ਸਥਿਤੀ ਸਾਹਮਣੇ ਆਏਗੀ। ਉਨ੍ਹਾਂ ਕਿਹਾ ਕਿ ‘ਆਪ’ ਹਰ ਵਰਗ ਨੂੰ ਇੱਕ ਅੱਖ ਨਾਲ ਦੇਖਣ ਦੀ ਜਗ੍ਹਾ ਵਿਤਕਰੇ ਵਾਲੀ ਨੀਤੀ ’ਤੇ ਚੱਲ ਰਹੀ ਹੈ। ਰਾਜਾ ਵੜਿੰਗ ਮਗਰੋਂ ਕਾਂਗਰਸੀ ਆਗੂ ਮੁਕੇਸ਼ ਸ਼ਰਮਾ ਦੇ ਘਰ ਵੀ ਗਏ। ਇਸ ਮੌਕੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਗੁਰਾ ਸਿੰਘ ਤੁੰਗਵਾਲੀ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇੱਕ ਮਹੀਨੇ ਵਿੱਚ ਪੰਜਾਬ ਪ੍ਰਦੇਸ਼ ਕਮੇਟੀ ਬਣਾ ਦਿੱਤੀ ਜਾਵੇਗੀ। ਇਸ ਮੌਕੇ ਯੂਥ ਵਿੰਗ ਦੇ ਹਲਕਾ ਇੰਚਾਰਜ ਜੱਸ ਬੱਜੋਆਣੀਆ ਤੇ ਸਾਥੀਆਂ ਨੇ ਰਾਜਾ ਵੜਿੰਗ ਦਾ ਸਨਮਾਨ ਵੀ ਕੀਤਾ।