ਇਕਬਾਲ ਸਿੰਘ ਸ਼ਾਂਤ
ਲੰਬੀ, 17 ਫਰਵਰੀ
ਅਕਾਲੀ-ਬਸਪਾ ਗਠਜੋੜ ਨੇ ਲੰਬੀ ‘ਚ ਅੱਜ ਭਰਵੀਂ ਰੈਲੀ ਕੀਤੀ। ਇਸ ਮੌਕੇ ਗਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਲੰਬੀ ਹਲਕੇ ਦੇ ਵੋਟਰਾਂ ਨੇ ਉਨ੍ਹਾਂ ਨੂੰ ਸਧਾਰਨ ਵਿਅਕਤੀ ਤੋਂ ਸਰਪੰਚ ਅਤੇ ਉਸ ਤੋਂ ਅਗਾਂਹ 25 ਸਾਲ ਤੱਕ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ। ਉਨ੍ਹਾਂ ਨੇ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦੀ ਇੱਛਾ ਹੈ ਕਿ ਉਹ ਆਖ਼ਰੀ ਸਾਹ ਤੱਕ ਲੰਬੀ ਹਲਕੇ ਦੀ ਸੇਵਾ ਕਰਨ। ਸ੍ਰੀ ਬਾਦਲ ਨੇ ਲੰਬੀ ‘ਚ ਆਪ ਦੇ ਉਮੀਦਵਾਰ ਨੂੰ ਦਲ-ਬਦਲੂ ਦੱਸਦੇ ਆਖਿਆ ਕਿ ਜਿਹੜਾ ਮਾਂ ਪਾਰਟੀ ਦਾ ਨਹੀਂ ਹੋਇਆ, ਲੋਕਾਂ ਦਾ ਕਿਵੇਂ ਹੋ ਸਕਦਾ ਹੈ। ਇਹ ਤਿੰਨ ਪਾਰਟੀਆਂ ਬਦਲ ਚੁੱਕਿਆ ਹੈ। ਸ੍ਰੀ ਬਾਦਲ ਨੇ ਵਿਅੰਗ ਕੀਤਾ ਕਿ ਜੇ ਕੋਈ ਔਰਤ ਦੋ-ਤਿੰਨ ਪਤੀ ਬਦਲ ਲਵੇ ਤਾਂ ਉਸਨੂੰ ਸਮਾਜ ਵਿਚ ਕੀ ਆਖਿਆ ਜਾਂਦਾ ਹੈ, ਇਹ ਤੁਸੀਂ ਸਭ ਭਲੀ-ਭਾਂਤ ਜਾਣਦੇ ਹੋ। ਇਹੋ ਹਾਲ ਇਸ ਆਪ ਉਮੀਦਵਾਰ ਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਲਾ ਖ਼ਰਾਬ ਹੋਣ ਕਰਕੇ ਰੈਲੀ ਨੂੰ ਸੰਬੋਧਨ ਨਹੀਂ ਕਰ ਸਕੇ। ਸ੍ਰੀ ਸੁਖਬੀਰ ਬਾਦਲ ਵੱਲੋਂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਵਿਚਾਰ ਸਾਂਝੇ ਕੀਤੇ। ਸੁਖਬੀਰ ਬਾਦਲ ਨੇ ਸਟੇਜ ਤੋਂ ਹੱਥ ਹਿਲਾ ਕੇ ਹਲਕੇ ਭਰ ਵਿਚੋਂ ਪੁੱਜੇ ਵਰਕਰਾਂ ਅਤੇ ਵੋਟਰਾਂ ਦਾ ਸਵਾਗਤ ਕੀਤਾ। ਇਸ ਮੌਕੇ ਗਾਇਕ ਮਨਕੀਰਤ ਔਲਖ ਗੰਨ ਕਲਚਰ ਅਤੇ ਚੱਕਵੇਂ ਜਿਹੇ ਗਾਣੇ-ਟੱਪੇ ਸੁਣਾ ਕੇ ਲੱਚਰ ਗਾਇਕੀ ਨੂੰ ਉਤਸ਼ਾਹਤ ਕਰਦੇ ਵਿਖਾਈ ਦਿੱਤੇ।