ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ ਤੇ ਹੋਰ ਪੰਥ ਵਿਰੋਧੀ ਤੇ ਅਖੌਤੀ ਜਥੇਬੰਦੀਆਂ ਤੇ ਸਿਆਸਤਦਾਨਾਂ ਦਾ ਝੂਠ ਤੇ ਮਾੜਾ ਪ੍ਰਾਪੇਗੰਡਾ ਬੇਨਿਕਾਬ ਹੋ ਗਿਆ ਹੈ। ਇਹ ਸਾਰੇ ਪ੍ਰਕਾਸ਼ ਸਿੰਘ ਬਾਦਲ ਸਮੇਤ ਸਿੱਖ ਆਗੂਆਂ ਨੂੰ ਬਦਨਾਮ ਕਰਨ ’ਤੇ ਲੱਗੇ ਸਨ। ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ ਇੰਦਰ ਸਿੰਘ ਗਰੇਵਾਲ, ਐੱਚ.ਐੱਸ. ਬੈਂਸ ਤੇ ਹਰੀਸ਼ ਰਾਏ ਢਾਂਡਾ ਨੇ ਅੱਜ ਦੋਸ਼ ਲਾਇਆ ਕਿ ਤਿੰਨ ਸਰਕਾਰਾਂ, ਧਾਰਮਿਕ ਜਥੇਬੰਦੀਆਂ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਸੁਖਜਿੰਦਰ ਸਿੰਘ ਰੰਧਾਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗੇ ਕਈ ਸਿਆਸਤਦਾਨਾਂ ਨੇ ਸਿੱਖ ਵਿਰੋਧੀ ਸਾਜ਼ਿਸ਼ ਲਈ ਦਿਨ ਰਾਤ ਕੰਮ ਕੀਤਾ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੀਆਂ ਸਰਕਾਰਾਂ ਤੇ ਮੁੱਖ ਮੰਤਰੀਆਂ ਦੇ ਨਾਲ ਨਾਲ ਅਖੌਤੀ ਪੰਥਕ ਜਥੇਬੰਦੀਆਂ ਨੂੰ ਕਿਹਾ ਕਿ ਉਹ ਬੇਅਦਬੀ ਦੇ ਮਾਮਲੇ ’ਤੇ ਕੋਰੇ ਝੂਠ ਬੋਲ ਕੇ ਗੁਰੂ ਗ੍ਰੰਥ ਸਾਹਿਬ ਖ਼ਿਲਾਫ ਕੀਤੇ ਬੱਜਰ ਪਾਪ ਲਈ ਸਾਂਝੀ ਤੇ ਸਪੱਸ਼ਟ ਮੁਆਫੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਮੰਗਣ। ਅਕਾਲੀ ਆਗੂਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਅਕਾਲੀ ਲੀਡਰਸ਼ਿਪ, ਅਹੁਦੇਦਾਰਾਂ, ਵਰਕਰਾਂ ਤੇ ਸਮੁੱਚੇ ਸਿੱਖ ਜਗਤ ਨੇ ਜੋ ਪੀੜਾ ਪਿਛਲੇ ਸੱਤ ਸਾਲਾਂ ਵਿੱਚ ਝੱਲੀ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਆਗੂ ਬੇਅਦਬੀ ਦੇ ਮਾਮਲੇ ਵਿੱਚ ਐੱਸਆਈਟੀ ਦੀ ਰਿਪੋਰਟ ’ਤੇ ਟਿੱਪਣੀ ਕਰ ਰਹੇ ਸਨ। ਅਕਾਲੀ ਆਗੂਆਂ ਨੇ ਕਿਹਾ ਕਿ ਇਸ ਸਾਜ਼ਿਸ਼ ਦਾ ਮਨੋਰਥ ਖਾਲਸਾ ਪੰਥ ਨੂੰ ਆਗੂ ਵਿਹੂਣੇ ਬਣਾਉਣਾ ਤੇ ਸਿੱਖਾਂ ਨੂੰ ਇਕ ਦੂਜੇ ਨਾਲ ਲੜਾ ਕੇ ਕੌਮ ਵਿਚ ਖਾਨਾਜੰਗੀ ਸ਼ੁਰੂ ਕਰਵਾਉਣਾ ਸੀ।