ਪੱਤਰ ਪ੍ਰੇਰਕ
ਗੜ੍ਹਸ਼ੰਕਰ, 28 ਮਾਰਚ
ਕਸਬਾ ਮਾਹਿਲਪੁਰ ਵਿੱਚ ਅੱਜ ਸ਼ਾਮ ਉਸ ਵੇਲੇ ਦਹਿਸ਼ਤ ਫੈਲ ਗਈ ਜਦ ਇਕ ਦੁਕਾਨ ’ਤੇ ਸਾਮਾਨ ਲੈਣ ਆਏ ਨੌਜਵਾਨ ’ਤੇ ਇਕ ਵਿਅਕਤੀ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਨੀ ਭਾਰਦਵਾਜ (35) ਪੁੱਤਰ ਹਰੀ ਓਮ ਵਜੋਂ ਹੋਈ ਹੈ ਜੋ ਪਿਛਲੇ ਦਿਨੀਂ ਜ਼ਮਾਨਤ ’ਤੇ ਘਰ ਆਇਆ ਹੋਇਆ ਸੀ। ਬੇਕਰੀ ਦੀ ਦੁਕਾਨ ਦੇ ਮਾਲਕ ਮਹੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸ਼ਾਮ ਪੰਜ ਵਜੇ ਦੇ ਕਰੀਬ ਸਨੀ ਭਾਰਦਵਾਜ ਉਸ ਦੀ ਦੁਕਾਨ ’ਤੇ ਸਾਮਾਨ ਲੈਣ ਲਈ ਆਇਆ ਸੀ। ਇਸੇ ਦੌਰਾਨ ਅਚਾਨਕ ਪਿੱਛੋਂ ਇਕ ਨੌਜਵਾਨ ਆਇਆ ਜਿਸ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਨੇ ਉਸ ’ਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮਾਹਿਲਪੁਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।