ਬੀਰਬਲ ਰਿਸ਼ੀ
ਸ਼ੇਰਪੁਰ, 4 ਅਪਰੈਲ
ਸ਼ੇਰਪੁਰ ਵਿਚ ਚਿੱਟੇ ਦਾ ਕਾਰੋਬਾਰ ਜਾਰੀ ਹੈ। ਇਸ ਦਾ ਪ੍ਰਤੱਖ ਪ੍ਰਮਾਣ ਉਦੋਂ ਮਿਲਿਆ ਜਦੋਂ ਸ਼ੇਰਪੁਰ ਤੋਂ ਵਾਪਸੀ ਮੌਕੇ ਪਿੰਡ ਈਨਾਬਾਜਵਾ ਵਿੱਚੋਂ ਦੀ ਲੰਘਦਾ ਹੋਇਆ ਚਿੱਟੇ ਦੇ ਆਦੀ ਨੌਜਵਾਨ ਬੇਹੋਸ਼ ਹੋ ਕੇ ਡਿੱਗ ਪਿਆ। ਨੌਜਵਾਨ ਨੂੰ ਪਿੰਡ ਵਾਸੀਆਂ ਨੇ ਮੁੱਢਲੀ ਸਹਾਇਤਾ ਦੇ ਕੇ ਬਚਾਇਆ। ਲੋਕਾਂ ਨੇ ਉਸ ਦੇ ਮਾਪਿਆਂ ਨੂੰ ਬੁਲਾ ਕੇ ਨੌਜਵਾਨ ਉਨ੍ਹਾਂ ਨੂੰ ਸੌਂਪ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰਪੁਰ ਤੋਂ ਕਥਿਤ ਤੌਰ ’ਤੇ ਚਿੱਟੇ ਦਾ ਨਸ਼ਾ ਕਰ ਕੇ ਪਰਤ ਰਿਹਾ ਨੌਜਵਾਨ ਪਿੰਡ ਈਨਾਬਾਜਵਾ ਦੇ ਸਰਕਾਰੀ ਸਕੂਲ ਨੇੜੇ ਖੇਤ ਵਿੱਚ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਬਾਰੇ ਪਤਾ ਲੱਗਣ ’ਤੇ ਪਿੰਡ ਵਾਸੀ ਇਕੱਠੇ ਹੋ ਗਏ। ਪਿੰਡ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਬੇਸੁਰਤ ਪਿਆ ਸੀ। ਪਿੰਡ ਵਾਸੀਆਂ ਨੇ ਉਸ ਦੇ ਮੂੰਹ ਵਿੱਚ ਅਤੇ ਸਿਰ ਉੱਪਰ ਪਾਣੀ ਪਾਇਆ ਜਿਸ ਮਗਰੋਂ ਉਸ ਨੂੰ ਹੋਸ਼ ਆਈ। ਕੁਲਦੀਪ ਸਿੰਘ ਨੇ ਦੱਸਿਆ ਕਿ ਹੋਸ਼ ਆਉਣ ਮਗਰੋਂ ਉਸ ਦੇ ਮਾਪਿਆਂ ਨੂੰ ਬੁਲਾ ਕੇ ਨੌਜਵਾਨ ਉਨ੍ਹਾਂ ਨੂੰ ਸੌਂਪ ਦਿੱਤਾ।
ਇਸ ਮਗਰੋਂ ਲੋਕਾਂ ਵਿੱਚ ਪੁਲੀਸ ਖ਼ਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਨੌਜਵਾਨ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਸਕਣ।
ਪੁਲੀਸ ਅਧਿਕਾਰੀ ਦਵਿੰਦਰ ਸਿੰਘ ਨੇ ਢਿੱਲੀ ਕਾਰਵਾਈ ਦੇ ਦੋਸ਼ ਨਕਾਰਦਿਆਂ ਕਿਹਾ ਕਿ ਪੁਲੀਸ ਨਸ਼ੇ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਪੁਲੀਸ ਨੂੰ ਸਹੀ ਜਾਣਕਾਰੀ ਦੇਣ ਤੋਂ ਟਾਲਾ ਵੱਟਦੇ ਹਨ। ਪੁਲੀਸ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਲੋਕ ਵੀ ਪੁਲੀਸ ਦਾ ਸਾਥ ਦੇਣ।