ਪੱਤਰ ਪ੍ਰੇਰਕ
ਪੱਟੀ, 3 ਨਵੰਬਰ
ਪੱਟੀ-ਹਰੀਕੇ ਸੜਕ ’ਤੇ ਪਿੰਡ ਬੱਠੇ ਭੈਣੀ ਨਜ਼ਦੀਕ ਅੱਜ ਦੇਰ ਸ਼ਾਮ ਚਾਰ ਨੌਜਵਾਨਾਂ ਨੇ ਬਲਜੀਤ ਸਿੰਘ ਪੁੱਤਰ ਮੰਗਲ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਜਿਸ ਨੇ ਸੜਕ ਨਜ਼ਦੀਕ ਇੱਕ ਬਹਿਕ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਇਸ ਘਟਨਾ ਦੀ ਸੂਚਨਾ ਥਾਣਾ ਸਦਰ ਪੱਟੀ ਨੂੰ ਦਿੱਤੀ ਗਈ। ਬਲਜੀਤ ਸਿੰਘ ਨੇ ਦੱਸਿਆ ਉਹ ਤੇ ਉਸ ਦਾ ਇੱਕ ਹੋਰ ਸਾਥੀ ਆਪਣਾ ਕੰਮਕਾਰ ਕਰਕੇ ਪੱਟੀ ਵਾਪਸ ਆ ਰਹੇ ਸੀ ਤੇ ਪਿੰਡ ਬੱਠੇ ਭੈਣੀ ਦੇ ਲੁੱਕ ਪਲਾਂਟ ਨਜ਼ਦੀਕ ਚਾਰ ਨੌਜਵਾਨ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਨੂੰ ਗੋਲੀ ਮਾਰ ਦਿੱਤੀ। ਹਮਲਾਵਰਾਂ ਵਿੱਚੋਂ ਇੱਕ ਨੌਜਵਾਨ ਪੱਟੀ ਸ਼ਹਿਰ ਤੇ ਦੋ ਨੌਜਵਾਨ ਇਲਾਕੇ ਦੇ ਪਿੰਡ ਦਦੇਹਰ ਨਾਲ ਸਬੰਧਤ ਹਨ। ਐੱਸਐੱਚਓ ਚੰਨਣ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।