ਪੱਤਰ ਪ੍ਰੇਰਕ
ਜਗਰਾਉਂ, 22 ਅਪਰੈਲ
ਜੂਏ ਦੇ ਪੈਸਿਆਂ ਨੂੰ ਲੈ ਕੇ ਰਾਤ ਸਮੇਂ ਹੋਈ ਲੜਾਈ ਨੇ ਸਵੇਰੇ ਫਿਰ ਖੂਨੀ ਝੜਪ ਦਾ ਰੂਪ ਧਾਰ ਲਿਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇੱਥੋਂ ਸ਼ਹਿਰ ਦੇ ਕੁਝ ਨੌਜਵਾਨ, ਜੋ ਦਾਣਾ ਮੰਡੀ ’ਚ ਲੇਬਰ ਦਾ ਕੰਮ ਕਰਦੇ ਸਨ, ਲੰਘੀ ਰਾਤ ਜੂਏ ਦੇ ਜਿੱਤੇ ਪੈਸਿਆਂ ਦੀ ਵੰਡ ਨੂੰ ਲੈ ਕੇ ਝਗੜਾ ਹੋਇਆ ਸੀ। ਜਦੋਂ ਸਵੇਰ ਵੇਲੇ ਫਿਰ ਕੰਮ ’ਤੇ ਪਰਤੇ ਤਾਂ ਲੰਘੀ ਰਾਤ ਵਾਲੀ ਗੱਲ ਨੂੰ ਲੈ ਕੇ ਦੁਬਾਰਾ ਭਿੜ ਪਏ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਸ਼ਮਸ਼ੇਰ ਸਿੰਘ ਉਰਫ ਜੱਟ ਦੇ ਸਿਰ ਵਿੱਚ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਪੁਲੀਸ ਨੇ ਸ਼ਮਸ਼ੇਰ ਦੀ ਲਾਸ਼ ਕਬਜ਼ੇ ’ਚ ਲੈ ਕੇ ਸਥਾਨਕ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।