ਨਿੱਜੀ ਪੱਤਰ ਪ੍ਰੇਰਕ
ਮੋਗਾ, 6 ਸਤੰਬਰ
ਕੈਨੇਡਾ ਦੇ ਨੋਵਾ ਸਕੋਚੀਆ ਵਿੱਚ ਇੱਥੋਂ ਨੇੜਲੇ ਪਿੰਡ ਬੁੱਕਣਵਾਲਾ ਤੋਂ ਪੜ੍ਹਾਈ ਲਈ ਗਏ ਨੌਜਵਾਨ ਪ੍ਰਭਜੋਤ ਸਿੰਘ ਦੀ ਗੋਰਿਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਸ ਦੀ ਗੋਰਿਆਂ ਨਾਲ ਕਾਰ ਪਾਰਕਿੰਗ ਤੋਂ ਬਹਿਸ ਹੋਈ ਦੱਸੀ ਜਾਂਦੀ ਹੈ। ਕੈਨੇਡਾ ਰਹਿੰਦੀ ਪ੍ਰਭਜੋਤ ਦੀ ਭੈਣ ਰਾਜਵੀਰ ਕੌਰ ਨੇ ਲਾਸ਼ ਭਾਰਤ ਭੇਜਣ ਲਈ ਪਰਵਾਸੀ ਪੰਜਾਬੀ ਭਾਈਚਾਰੇ ਤੋਂ ਮਦਦ ਮੰਗੀ ਹੈ। ਇਹ ਘਟਨਾ ਭਾਰਤੀ ਸਮੇਂ ਮੁਤਾਬਕ ਐਤਵਾਰ ਸਵੇਰੇ ਦੀ ਹੈ, ਜਦੋਂ ਇਸ 24 ਸਾਲਾ ਪ੍ਰਭਜੋਤ ਸਿੰਘ ਨੂੰ ਗੋਰੇ ਨੌਜਵਾਨਾਂ ਨੇ ਚਾਕੂ ਮਾਰ ਦਿੱਤਾ। ਇਸ ਮਗਰੋਂ ਪੁਲੀਸ ਤੇ ਐਂਬੂਲੈਂਸ ਦੇਰੀ ਨਾਲ ਪੁੱਜੀ ਤੇ ਖੂਨ ਜ਼ਿਆਦਾ ਵਹਿਣ ਕਾਰਨ ਪ੍ਰਭਜੋਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਮੁਲਜ਼ਮਾਂ ਨੂੰ ਕੈਨੇਡਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।