ਪਾਲ ਸਿੰਘ ਨੌਲੀ
ਜਲੰਧਰ, 29 ਜੂਨ
ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਬਹੁ-ਚਰਚਿਤ ਸੁਖਮੀਤ ਸਿੰਘ ਡਿਪਟੀ ਕਤਲ ਕਾਂਡ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ। ਕਮਿਸ਼ਨਰੇਟ ਪੁਲੀਸ ਹਰ ਪਾਸੇ ਟੱਕਰਾਂ ਮਾਰ ਰਹੀ ਹੈ ਪਰ ਕੋਈ ਕਾਮਯਾਬੀ ਹਾਸਲ ਨਹੀਂ ਹੋਈ। ਹਾਲਾਂਕਿ ਗੈਂਗਸਟਰ ਬੰਬੀਹਾ ਗਰੁੱਪ ਨੇ ਫੇਸਬੁੱਕ ਅਕਾਊਂਟ ’ਤੇ ਸੁਖਮੀਤ ਸਿੰਘ ਡਿਪਟੀ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬੀ ਵਿਚ ਲਿਖੇ ਇਸ ਸੁਨੇਹੇ ਵਿਚ ਉਨ੍ਹਾਂ ਦਾਅਵਾ ਕੀਤਾ ਕਿ ‘‘ਡਿਪਟੀ ਸਾਡੇ ਭਰਾ ਦੇ ਖਿਲਾਫ਼ ਚੱਲਦਾ ਸੀ। ਉਹ ਸਾਨੂੰ ਕਹਿੰਦਾ ਸੀ ਜੋ ਤੁਹਾਡੇ ਕੋਲੋਂ ਹੁੰਦਾ ਹੈ ਤੁਸੀਂ ਕਰ ਲਓ, ਮੇਰੇ ਕੋਲੋਂ ਜੋ ਹੋਊ ਮੈਂ ਕਰ ਲਊਂ। ਇਸੇ ਕਰਕੇ ਸਾਨੂੰ ਉਸ ਨੂੰ ਮਾਰਨਾ ਪਿਆ।’’
ਉਧਰ ਪੁਲੀਸ ਜੱਸਾ ਫਾਈਨਾਂਸਰ ਹੱਤਿਆ ਕਾਂਡ ਦੇ ਕਥਿਤ ਦੋਸ਼ੀ ਅਜੇ ਮਸੀਹ ਉਰਫ ਕਾਲੂ ਤੇ ਉਸ ਦੇ ਭਰਾ ਵਿਜੇ ਕਾਕੂ ਨੂੰ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਈ ਹੈ। ਉਨ੍ਹਾਂ ਦਾ ਚਾਰ ਦਿਨਾਂ ਦਾ ਰਿਮਾਂਡ ਲਿਆ ਹੋਇਆ ਹੈ ਤਾਂ ਜੋ ਡਿਪਟੀ ਕਤਲ ਕਾਂਡ ਬਾਰੇ ਕੋਈ ਸੁਰਾਗ ਹੱਥ ਲੱਗ ਸਕੇ। ਜਾਣਕਾਰੀ ਅਨੁਸਾਰ ਪੁਲੀਸ ਫੇਸਬੁੱਕ ’ਤੇ ਲਈ ਗਈ ਜ਼ਿੰਮੇਵਾਰੀ ਨੂੰ ਧਿਆਨ ਭਟਕਾਉਣ ਵਾਲੀ ਕਾਰਵਾਈ ਦੱਸਦੀ ਹੈ।