ਦਿਲਬਾਗ ਸਿੰਘ ਗਿੱਲ
ਅਟਾਰੀ, 1 ਅਗਸਤ
ਟੋਕੀਓ ਓਲੰਪਿਕ ਵਿੱਚ ਭਾਰਤ ਦੀ ਹਾਕੀ ਟੀਮ ਨੇ ਸੰਨ 1980 ਤੋਂ ਬਾਅਦ ਸੈਮੀ-ਫਾਈਨਲ ਵਿੱਚ ਪੁੱਜ ਕੇ ਹਾਕੀ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ। ਓਲੰਪੀਅਨ ਸ਼ਮਸ਼ੇਰ ਸਿੰਘ ਦੇ ਜੱਦੀ ਪਿੰਡ ਅਟਾਰੀ ਦਾ ਦੌਰਾ ਕਰਨ ’ਤੇ ਉਸ ਦੇ ਘਰ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲਿਆ। ਪਿੰਡ ਦੇ ਲੋਕ ਆਪਣੀ ਖੁਸ਼ੀ ਨੂੰ ਦੁੱਗਣਾ ਕਰਨ ਲਈ ਉਨ੍ਹਾਂ ਦੇ ਘਰ ਵਿੱਚ ਇੰਗਲੈਂਡ ਨਾਲ ਭਾਰਤ ਦਾ ਉਹ ਮੈਚ ਵੇਖ ਰਹੇ ਸਨ ਜਿਸ ਵਿੱਚ ਭਾਰਤ ਨੇ ਇੰਗਲੈਂਡ ਨੂੰ 1 ਦੇ ਮੁਕਾਬਲੇ 3 ਗੋਲਾਂ ਨਾਲ ਹਰਾਇਆ।
ਇਸ ਮੌਕੇ ਜਦੋਂ ਸ਼ਮਸ਼ੇਰ ਸਿੰਘ ਦੇ ਪਿਤਾ ਹਰਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਭਾਰਤੀ ਟੀਮ ਸਮੇਤ ਆਪਣੇ ਪੁੱਤਰ ’ਤੇ ਮਾਣ ਹੈ ਜੋ ਦੁਨੀਆਂ ਵਿੱਚ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ। ਇਸ ਮੌਕੇ ਸ਼ਮਸ਼ੇਰ ਸਿੰਘ ਨਾਲ ਖੇਡ ਚੁੱਕੇ ਹਾਕੀ ਖਿਡਾਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੰਨ 1980 ਤੋਂ ਬਾਅਦ ਭਾਰਤੀ ਟੀਮ ਸੈਮੀ-ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਜ਼ਿਆਦਾ ਉਨ੍ਹਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਨ੍ਹਾਂ ਦੇ ਪਿੰਡ ਦਾ ਖਿਡਾਰੀ ਸ਼ਮਸ਼ੇਰ ਸਿੰਘ ਭਾਰਤੀ ਟੀਮ ਦਾ ਹਿੱਸਾ ਹੈ।