ਦਲਬੀਰ ਸੱਖੋਵਾਲੀਆ/ਹਰਜੀਤ ਸਿੰਘ ਪਰਮਾਰ
ਬਟਾਲਾ, 11 ਅਗਸਤ
ਭਾਰਤੀ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਪਿੰਡ ਚਾਹਲ ਕਲਾਂ ਦਾ ਅੱਜ ਬਟਾਲਾ ਦੀ ਜੂਹ ਵਿੱਚ ਪਹੁੰਚਣ ’ਤੇ ਖੇਡ ਪ੍ਰੇਮੀਆਂ ਅਤੇ ਬਟਾਲਾ ਪਹੁੰਚਣ ’ਤੇ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਨਿੱਘਾ ਸੁਆਗਤ ਕੀਤਾ। ਖਿਡਾਰੀ ਦੇ ਸੁਆਗਤ ਲਈ ਪੁਲੀਸ ਹੈੱਡਕੁਆਰਟਰ ਵਿੱਚ ਢੋਲ ਵੱਜੇ। ਐੱਸਐੱਸਪੀ ਦਫ਼ਤਰ ਬਟਾਲਾ ਤੋਂ ਹਾਕੀ ਖਿਡਾਰੀ ਆਪਣੇ ਜੱਦੀ ਪਿੰਡ ਚਾਹਲ ਕਲਾਂ ਪਹੁੰਚਿਆ, ਜਿੱਥੇ ਉਸ ਦੇ ਘਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ। ਪਿੰਡ ਵਾਸੀਆਂ ਨੇ ਢੋਲ ਅਤੇ ਡੀਜੇ ’ਤੇ ਭੰਗੜੇ ਪਾ ਕੇ ਸਿਮਰਨਜੀਤ ਦਾ ਸੁਆਗਤ ਕੀਤਾ। ਖਿਡਾਰੀ ਨੇ ਬਟਾਲਾ ਨੇੜੇ ਇਤਿਹਾਸਕ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਸ੍ਰੀ ਅੱਚਲੇਸ਼ਵਰ ਮੰਦਰ ਵਿਖੇ ਮੱਥਾ ਟੇਕਿਆ, ਜਿੱਥੇ ਪ੍ਰਬੰਧਕਾਂ ਨੇ ਉਸ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਭਾਰਤੀ ਹਾਕੀ ਨੂੰ ਭਵਿੱਖ ਦਾ ਸੁਨਹਿਰੀ ਸਮਾਂ ਦੱਸਦਿਆਂ ਸਿਮਰਨਜੀਤ ਸਿੰਘ ਨੇ ਕਿਹਾ ਕਿ ਹੁਣ ਟੀਮ ਵੱਲੋਂ ਭਵਿੱਖ ਵਿੱਚ ਏਸ਼ੀਆ, ਕਾਮਨਵੈਲਥ ਅਤੇ ਵਿਸ਼ਵ ਕੱਪ ਜਿਹੇ ਵੱਕਾਰੀ ਮੁਕਾਬਲਿਆਂ ਲਈ ਸਖ਼ਤ ਮਿਹਨਤ ਕਰ ਕੇ ਮੰਜ਼ਿਲ-ਏ ਮੁਕਾਮ ਹਾਸਲ ਕਰਨ ਦਾ ਟੀਚਾ ਹੈ। ਉਸ ਨੇ ਕਿਹਾ ਕਿ ਵਿਸ਼ਵ ਦੀਆਂ 12 ਟੀਮਾਂ ਵਿੱਚੋਂ ਤੀਸਰੇ ਸਥਾਨ ’ਤੇ ਆਉਣਾ ਭਵਿੱਖ ਲਈ ਸ਼ੁਭ ਸੰਕੇਤ ਹੈ। ਸਿਮਰਨਜੀਤ ਸਿੰਘ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਆਪਣੀ ਲੈਅ ਵਿੱਚ ਆ ਰਹੀ ਹੈ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚਾਹਲ ਕਲਾਂ ਦੇ ਨੌਜਵਾਨ ਨੇ ਤੀਸਰੇ ਸਥਾਨ ਲਈ ਦੋ ਗੋਲ ਕਰ ਕੇ ਬੀਤੇ 41 ਸਾਲਾਂ ਦੇ ਸੋਕੇ ਨੂੰ ਦੂਰ ਕੀਤਾ। ਇਸ ਮੌਕੇ ਸਿਮਰਨਜੀਤ ਦੇ ਪਿਤਾ ਇਕਬਾਲ ਸਿੰਘ, ਚਾਚਾ ਰਛਪਾਲ ਸਿੰਘ, ਭਰਾ ਸਤਿੰਦਰਜੀਤ ਸਿੰਘ ਸਮੇਤ ਸਿਆਸੀ ਆਗੂ ਹਾਜ਼ਰ ਸਨ।
ਅਟਾਰੀ ਵਿੱਚ ਭੰਗੜੇ ਪਾ ਕੇ ਸ਼ਮਸ਼ੇਰ ਸਿੰਘ ਦਾ ਸੁਆਗਤ
ਅਟਾਰੀ (ਦਿਲਬਾਗ ਸਿੰਘ ਗਿੱਲ): ਹਾਕੀ ਖਿਡਾਰੀ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਨੂੰ ਅਟਾਰੀ ਬੱਸ ਅੱਡੇ ਤੋਂ ਬਾਜ਼ਾਰ ਰਾਹੀਂ ਵੱਡੇ ਕਾਫ਼ਲੇ ਨਾਲ ਭੰਗੜਾ ਪਾ ਕੇ ਸਕੂਲ ਦੇ ਖੇਡ ਮੈਦਾਨ ਵਿੱਚ ਲਿਆਂਦਾ। ਸ਼ਮਸ਼ੇਰ ਦੇ ਆਉਣ ਦੀ ਖੁਸ਼ੀ ਵਿੱਚ ਥਾਂ-ਥਾਂ ’ਤੇ ਹੋਰਡਿੰਗ ਲਗਾਏ ਹੋਏ ਸਨ। ਇਸ ਮੌਕੇ ਕਰਨਦੀਪ ਸਿੰਘ ਕੈਮੀ ਢਿੱਲੋਂ ਨੇ ਸ਼ਮਸ਼ੇਰ ਸਿੰਘ ਨੂੰ 51 ਹਜ਼ਾਰ ਰੁਪਏ ਭੇਟ ਕਰਕੇ ਸਨਮਾਨਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਹਲਕਾ ਵਿਧਾਇਕ ਤਰਸੇਮ ਸਿੰਘ ਡੀਸੀ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਓਲੰਪੀਅਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਓਲੰਪਿਕ ’ਚ ਜਿੱਤ ਪ੍ਰਾਪਤ ਕਰਨਾ ਟੀਮ ਦਾ ਸੁਫਨਾ ਸੀ, ਜੋ 41 ਸਾਲਾਂ ਬਾਅਦ ਸਾਕਾਰ ਹੋਇਆ ਹੈ ਤੇ ਉਹ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੇ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅਗਲੀਆਂ ਓਲੰਪਿਕ (2024) ਖੇਡਾਂ ਵਿੱਚ ਤਗ਼ਮੇ ਦਾ ਰੰਗ ਬਦਲਿਆ ਜਾਵੇਗਾ। ਹਾਕੀ ਕੋਚ ਨਵਜੀਤ ਸਿੰਘ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਨੇ ਓਲੰਪਿਕ ਵਿੱਚ ਜੋ ਹੁਨਰ ਦਿਖਾਇਆ ਹੈ, ਉਸ ਨਾਲ ਫਖ਼ਰ ਮਹਿਸੂਸ ਹੁੰਦਾ ਹੈ।