ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 6 ਨਵੰਬਰ
ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਅਸ਼ਵਨੀ ਸੇਖੜੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ’ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਕਾਂਗਰਸ ਦੀਆਂ ਦਸ ਸੀਟਾਂ ਹਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਕਥਿਤ ਸੁਪਾਰੀ ਲੈ ਲਈ ਹੈ।
ਸ੍ਰੀ ਸੇਖੜੀ ਨੇ ਦੋਸ਼ ਲਾਇਆ ਕਿ ਬਾਜਵਾ ਦੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨਾਲ ਸਬੰਧ ਹਨ, ਜੇ ਉਨ੍ਹਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਹ (ਬਾਜਵਾ) ਜ਼ਿੰਮੇਵਾਰ ਹੋਣਗੇ। ਉਨ੍ਹਾਂ ਬਟਾਲਾ ਵਿੱਚ ਵਿਕਾਸ ਦੇ ਨਾਮ ’ਤੇ ਕਥਿਤ ਪੈਸਾ ਖੁਰਦ-ਬੁਰਦ ਕਰਨ ਵਰਗੇ ਇਲਜ਼ਾਮ ਵੀ ਲਗਾਏ ਹਨ। ਉੱਧਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਂਦ ਦੱਸਦਿਆਂ ਕਿਹਾ ਕਿ ਸੇਖੜੀ ਜਿਹੜੀ ਮਰਜ਼ੀ ਏਜੰਸੀ ਤੋਂ ਜਾਂਚ ਕਰਵਾ ਲੈਣ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਇਹ ਪੈਸੇ ਪੰਜਾਬ ਸਰਕਾਰ ਵੱਲੋਂ ਭੇਜੇ ਜਾ ਰਹੇ ਹਨ, ਜੋ ਇਮਾਨਦਾਰੀ ਨਾਲ ਖਰਚ ਕੀਤੇ ਜਾ ਰਹੇ ਹਨ। ਸ੍ਰੀ ਬਾਜਵਾ ਨੇ ਕਿਹਾ ਕਿ ਇੱਥੇ ਹੋਰ ਕਾਂਗਰਸ, ਅਕਾਲੀ, ਬਸਪਾ ਅਤੇ ‘ਆਪ’ ਆਗੂ ਤੇ ਵਰਕਰ ਹਨ, ਜਿਨ੍ਹਾਂ ਨੇ ਵਿਕਾਸ ਕਾਰਜਾਂ ਉਤੇ ਕਦੇ ਕੋਈ ਸਵਾਲ ਨਹੀਂ ਚੁੱਕਿਆ। ਸ੍ਰੀ ਬਾਜਵਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਚੋਣ ਲੜਨ ਦਾ ਮਨ ਬਣਾਇਆ ਹੈ ਪਰ ਪਾਰਟੀ ਹਾਈ ਕਮਾਨ ਜਿਸ ਹਲਕੇ ਤੋਂ ਟਿਕਟ ਦੇਵੇਗੀ, ਉਹ ਉਥੋਂ ਹੀ ਚੋਣ ਲੜਨਗੇ। ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੀ ਵਿਧਾਨ ਸਭਾ ਚੋਣ ਬਟਾਲਾ ਤੋਂ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨਾਲ ਰਲ ਕੇ ਨਹੀਂ ਲੜੀ, ਸਗੋਂ ਉਹ ਤਾਂ ਆ ਰਹੀਆਂ ਚੋਣਾਂ ’ਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਲੋਧੀਨੰਗਲ ਵਿਰੁੱਧ ਚੋਣ ਲੜਨਗੇ।