ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 20 ਅਗਸਤ
ਜਲੰਧਰ-ਹੁਸ਼ਿਆਰਪੁਰ ਰੇਲਵੇ ਕਰਾਸਿੰਗ ’ਤੇ ਮੁਸਾਫਿਰ ਰੇਲ ਗੱਡੀ (ਡੀਐੱਮਯੂ) ਦੀ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਹੁਸ਼ਿਆਰਪੁਰ ਤੋਂ ਆ ਰਹੀ ਡੀਐੱਮਯੂ ਜਦੋਂ ਰੇਲਵੇ ਫਾਟਕ ਨੰਬਰ ਸੀ-39 ਈ-2 ’ਤੇ ਪੁੱਜੀ ਤਾਂ ਫਾਟਕ ਨਾ ਲੱਗਿਆ ਹੋਣ ਕਾਰਨ ਰੇਲਵੇ ਲਾਈਨ ਪਾਰ ਕਰ ਰਹੇ ਐੱਚਪੀ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੰਬਰ ਪੀ ਬੀ-35-ਓ 9852 ਨਾਲ ਸਿੱਧੀ ਟੱਕਰ ਹੋ ਗਈ। ਇਸ ਕਾਰਨ ਟਰੱਕ ਚਾਲਕ ਸਮੇਤ ਰੇਲ ਗੱਡੀ ਦੇ ਕੁਝ ਮੁਸਾਫ਼ਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਵੀ ਪਤਾ ਲੱਗਾ ਹੈ ਕਿ ਟਰੱਕ ਵਿੱਚ ਲੱਦੇ ਸਿਲੰਡਰ ਖਾਲੀ ਸਨ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਟੱਕਰ ਕਾਰਨ ਡੀਐੱਮਯੂ, ਟਰੱਕ, ਰੇਲਵੇ ਫਾਟਕ, ਫਾਟਕ ਕੀਪਰ ਦੀ ਰਿਹਾਇਸ਼ ਅਤੇ ਫਾਟਕ ਨੇੜੇ ਖੜ੍ਹੀ ਆਲਟੋ ਕਾਰ ਨੁਕਸਾਨੀ ਗਈ। ਇਸ ਮੌਕੇ ਪੜਤਾਲ ਕਰਨ ਲਈ ਰੇਲਵੇ ਪੁਲੀਸ ਦੇ ਐੱਸਆਈ ਪਵਨ ਕੁਮਾਰ ਪੁੱਜੇ ਜਿਨ੍ਹਾਂ ਕਿਹਾ ਕਿ ਫਾਟਕ ’ਤੇ ਤਾਇਨਾਤ ਮੁਲਾਜ਼ਮ ਅਤੇ ਟਰੱਕ ਚਾਲਕ ਦੋਵੇਂ ਫਰਾਰ ਹਨ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ। ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਨਾਲ ਸਬੰਧਤ ਰੇਲਵੇ ਪੁਲੀਸ ਫਾਟਕ ’ਤੇ ਡਿਊਟੀ ਕਰ ਰਹੇ ਫਾਟਕ ਕੀਪਰ ਦਾ ਨਾਮ ਤੱਕ ਨਹੀਂ ਦੱਸ ਸਕੀ।