ਬੀ ਐਸ ਚਾਨਾ
ਕੀਰਤਪੁਰ ਸਾਹਿਬ, 30 ਮਾਰਚ
ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਪਿੰਡ ਖੁਰਮਨੀਆਂ ਤੋਂ ਵੱਡੇ ਟਰੱਕ ਵਿੱਚ ਸਵਾਰ ਸ਼ਰਧਾਲੂ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਜਦੋਂ ਉਹ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੋਂ ਮੱਥਾ ਟੇਕ ਕੇ ਪਰਤ ਰਹੇ ਸਨ। ਇਸ ਦੌਰਾਨ ਟਰੱਕ ਦੀ ਬਰੇਕ ਫੇਲ੍ਹ ਹੋਣ ਕਾਰਨ ਟਰੱਕ ਪਲਟ ਗਿਆ ਜਿਸ ਕਾਰਨ ਅੱਠ ਸ਼ਰਧਾਲੂ ਜ਼ਖ਼ਮੀ ਹੋ ਗਏ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ।
ਥਾਣਾ ਮੁਖੀ ਸਨੀ ਖੰਨਾ ਅਨੁਸਾਰ ਵੱਡੇ ਟਰੱਕ ਵਿੱਚ 70 ਦੇ ਕਰੀਬ ਸ਼ਰਧਾਲੂ ਸਵਾਰ ਸਨ। ਉਹ ਬਾਬਾ ਗੁਰਦਿੱਤਾ ਜੀ ਵਿਖੇ ਨਤਮਸਤਕ ਹੋਣ ਲਈ ਹੋਲੇ ਮਹੱਲੇ ਮੌਕੇ ਆਏ ਸਨ। ਜਦੋਂ ਇਹ ਸ਼ਰਧਾਲੂ ਮੱਥਾ ਟੇਕਣ ਉਪਰੰਤ ਪਰਤ ਰਹੇ ਸਨ ਤਾਂ ਉਤਰਾਈ ਵਿਚ ਆ ਕੇ ਮੋੜ ਮੁੜਦੇ ਸਾਰ ਡਰਾਈਵਰ ਸੰਤੁਲਨ ਖੋ ਬੈਠਿਆ ਅਤੇ ਟਰੱਕ ਦੀ ਬਰੇਕ ਫੇਲ੍ਹ ਹੋ ਗਈ। ਇਸ ਉਪਰੰਤ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਸ਼ਰਧਾਲੂ ਜ਼ਖ਼ਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਕੀਰਤਪੁਰ ਸਾਹਿਬ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰੀ ਵਾਹਨ ਗੁਰਦੁਆਰਿਆਂ ਤਕ ਲਿਜਾਣ ਦੀ ਮਨਾਹੀ ਹੈ ਪਰ ਸ਼ਰਧਾਲੂ ਲਾਪ੍ਰਵਾਹੀ ਵਰਤਦੇ ਹੋਏ ਗੱਡੀਆਂ ਉੱਪਰ ਲੈ ਜਾਂਦੇ ਹਨ ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।