ਦਲਬੀਰ ਸੱਖੋਵਾਲੀਆ
ਬਟਾਲਾ, 19 ਨਵੰਬਰ
ਲਾਲਾ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਨਿਸਟ੍ਰੇਟਰ ਮਸੂਰੀ ਦੇ ਡਾਇਰੈਕਟਰ ਅਤੇ ਵੈਲੀ ਆਫ ਵਰਡਜ਼ ਦੇ ਸਰਪ੍ਰਸਤ ਸੰਜੀਵ ਚੋਪੜਾ ਦੀ ਅਗਵਾਈ ਹੇਠ ਚੌਥਾ ਸਾਹਿਤਕ, ਕਲਾ ਅਤੇ ਸੱਭਿਆਚਾਰਕ ਸਮਾਗਮ 20 ਤੋਂ 22 ਨਵੰਬਰ ਨੂੰ ਮਸੂਰੀ ਦੇ ਹੋਟਲ ਸੇਵਾਅ ਵਿੱਚ ਹੋ ਰਿਹਾ ਹੈ। ਵੈਲੀ ਆਫ ਵਰਡਜ਼ ਦਾ ਇਹ ਚੌਥਾ ਸਮਾਗਮ ਪਹਿਲੀ ਵਾਰੀ ਆਨਲਾਈਨ ਹੋਵੇਗਾ। ਸ੍ਰੀ ਚੋਪੜਾ ਨੇ ਦੱਸਿਆ ਕਿ ਨਾਨ-ਫਿਕਸ਼ਨ ਸ਼੍ਰੇਣੀ ਵਿੱਚ ਉਤਰਾਂਚਲ ਵਿਧਾਨ ਸਭਾ ਦੇ ਸਪੀਕਰ ਹਿਰਦੇ ਨਰਾਇਣ ਦੀਕਸ਼ਤ ਦੀ ਕਿਤਾਬ ‘ਗਿਆਨ ਹੀ ਗਿਆਨ ਹੈ’ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ। ਊਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਧਰਮਿੰਦਰ ਪਧਾਨ ਦਿੱਲੀ ਤੋਂ ਆਨਲਾਈਨ ਹੀ ਸਮਾਗਮ ਦਾ ਉਦਘਾਟਨ ਕਰਨਗੇ। ਤਿੰਨ ਦਿਨ ਚੱਲਣ ਵਾਲੇ ਸਮਾਗਮ ਵਿੱਚ ਪ੍ਰਮੁੱਖ ਲੇਖਕ ਰਸਕਿਨ ਬਾਂਡ, ਵਾਤਾਵਰਨ ਪ੍ਰੇਮੀ ਅਤੇ ਪਦਮ ਭੂਸ਼ਣ ਡਾਕਟਰ ਅਨਿਲ ਜੋਸ਼ੀ, ਪਦਮਸ੍ਰੀ ਮਾਲਿਨੀ ਅਵਸਥੀ, ਪਦਮਸ੍ਰੀ ਲੀਲਾਧਰ ਜਗੂਡੀ, ਉਤਰਾਖੰਡ ਵਿਧਾਨ ਸਭਾ ਦੇ ਸਪੀਕਰ ਹਿਰਦੇ ਨਰਾਇਣ ਦੀਕਸ਼ਤ, ਭਾਰਤ ਵਿੱਚ ਫਰਾਂਸ ਦੇ ਰਾਜਦੂਤ ਲਿਨੇਨ, ਕੇਂਦਰੀ ਮੰਤਰੀ ਜਤਿੰਦਰ ਸਿੰਘ, ਲੇਖਕ ਸ਼ਿਵ ਕੁਣਾਲ ਵਰਮਾ ਸਮੇਤ ਭਾਰਤ ਅਤੇ ਹੋਰ ਦਸ ਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ।
ਸਮਾਗਮ ਵਿੱਚ ਇੱਕ ਸੈਸ਼ਨ ਦੇਸ਼ ਵਿੱਚ ਪਹਿਲੀ ਵਾਰੀ ਹਿੰਦੀ ਦੀ ਡੀ-ਲਿਟ ਕਰਨ ਵਾਲੇ ਪਿਤਾਂਬਰ ਦੱਤ ਬੜਥਵਾਲ ’ਤੇ ਹੋਵੇਗਾ। ਕਵੀ ਸੰਮੇਲਨ ਵਿੱਚ ਨਾਮਵਰ ਸਿਤਾਰ ਵਾਦਕ ਸੱਈਅਦ ਸੁਹੇਲ ਖਾਨ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ। ਕੇਰਲਾ ਦੇ ਰਾਜਪਾਲ ਜਨਾਬ ਆਰਿਫ ਮੁਹੰਮਦ ਦੀ ਪੁਸਤਕ ‘ਪਲੈਨਰੀ ਐਡਰੈਸ ਐਂਡ ਕਨਵਰਸੇਸ਼ਨ’ ਊੱਤੇ ਚਰਚਾ ਹੋਵੇਗੀ। ਜੇਤੂਆਂ ਨੂੰ ਵੈਲੀ ਆਫ ਵਰਡਜ਼ ਐਵਾਰਡ ਦੇਣ ਦੀ ਰਸਮ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਕਰਨਗੇ।