ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 30 ਜੂਨ
ਪਿੰਡ ਬਾਹਮਣ ਵਾਲਾ ਦੇ ਇੱਕੋ ਪਰਿਵਾਰ ਦੇ ਤੀਜੇ ਜੀਅ ਦੀ ਕੈਂਸਰ ਕਾਰਨ ਮੌਤ ਹੋ ਗਈ। ਪਰਦੀਪ ਚਮਕ ਨੇ ਦੱਸਿਆ ਕਿ ਪਿੰਡ ਬਾਹਮਣ ਵਾਲਾ ਦੇ ਹੁਕਮ ਚੰਦ ਸ਼ਰਮਾ ਦੀ ਮਾਤਾ ਕੁਸ਼ੱਲਿਆ ਦੇਵੀ ਅਤੇ ਭਰਾ ਬਲਦੇਵ ਰਾਜ ਦੀ ਕੈਂਸਰ ਕਾਰਨ ਕੁਝ ਸਮਾਂ ਪਹਿਲਾ ਮੌਤ ਹੋ ਗਈ ਸੀ ਅਤੇ ਹੁਣ ਉਨ੍ਹਾਂ ਦੀ ਭੈਣ ਸ਼ਿੰਦਰ ਕੌਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਮਾਤਾ ਨੂੰ ਬਾਂਹ ਅਤੇ ਭਰਾ ਬਲਦੇਵ ਰਾਜ ਨੂੰ ਗਲੇ ਦਾ ਕੈਂਸਰ ਸੀ ਅਤੇ ਉਨ੍ਹਾਂ ਦੀ ਭੈਣ ਸ਼ਿੰਦਰ ਕੌਰ ਦੇ ਛਾਤੀ ਵਿੱਚ ਕੈਂਸਰ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਨ੍ਹਾਂ ਤਿੰਨਾਂ ਪਰਿਵਾਰਿਕ ਮੈਂਬਰਾਂ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ। ਇਲਾਜ ’ਤੇ ਲਗਾਇਆ ਲੱਖਾਂ ਰੁਪਏ ਬੇਕਾਰ ਗਿਆ। ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਦੇ ਵੀ ਖ਼ੁਰਾਕ ਨਲੀ ਵਿੱਚ ਕੈਂਸਰ ਹੈ ਅਤੇ ਉਸ ਦਾ ਵੀ ਇਲਾਜ ਚੱਲ ਰਿਹਾ ਹੈ। ਪਹਿਲੀ ਹੀ ਸਟੇਜ ਵਿੱਚ ਕੈਂਸਰ ਦਾ ਪਤਾ ਲੱਗਣ ’ਤੇ ਉਹ ਹੁਣ ਬਿਲਕੁਲ ਠੀਕ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੈਂਸਰ ਦੀ ਬਿਮਾਰੀ ਦਾ ਪੂਰਾ ਇਲਾਜ ਮੁਫਤ ਕੀਤਾ ਜਾਵੇ ਅਤੇ ਕੈਂਸਰ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।