ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਮਾਰਚ
ਸਨਅਤੀ ਸ਼ਹਿਰ ਦੇ ਭਾਜਪਾ ਦੇ ਸਾਬਕਾ ਕੌਂਸਲਰ ਸਤੀਸ਼ ਨਾਗਰ ਦੇ ਛਾਉਣੀ ਮੁਹੱਲੇ ਸਥਿਤ ਘਰ ’ਤੇ ਛਾਪਾ ਮਾਰ ਕੇ ਲੁਧਿਆਣਾ ਪੁਲੀਸ ਨੇ ਨਸ਼ੀਲੀਆਂ ਦਵਾਈਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਕਈ ਘੰਟੇ ਚੱਲੇ ਛਾਪੇ ਦੌਰਾਨ ਪੁਲੀਸ ਦੇ ਨਾਲ ਸਿਹਤ ਵਿਭਾਗ ਦੀ ਟੀਮ ਵੀ ਸੀ, ਜਿਨ੍ਹਾਂ ਨੇ ਮੌਕੇ ਤੋਂ 1 ਲੱਖ 30 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲੀਸ ਨੇ ਇਸ ਮਾਮਲੇ ਵਿੱਚ ਭਾਜਪਾ ਦੇ ਸਾਬਕਾ ਕੌਂਸਲਰ ਸਤੀਸ਼ ਨਾਗਰ, ਯੂਪੀ ਵਾਸੀ ਹਿੰਮਤ, ਸਿਵਲ ਲਾਈਨ ਚੰਦਰ ਨਗਰ ਵਾਸੀ ਅਨੂਪ ਕੁਮਾਰ ਸ਼ਰਮਾ ਤੇ ਰਾਜਿੰਦਰ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਇਸ ਮਾਮਲੇ ਵਿੱਚ ਮੰਗਲਵਾਰ ਨੂੰ ਪੱਤਰਕਾਰ ਮਿਲਣੀ ਕਰ ਕੇ ਵੱਡੇ ਖੁਲਾਸੇ ਕਰੇਗੀ। ਸਤੀਸ਼ ਨਾਗਰ ਨੇ ਘਰ ਦੀ ਤੀਜ਼ੀ ਮੰਜ਼ਿਲ ’ਤੇ ਦੋ ਕਮਰੇ ਕਿਰਾਏ ’ਤੇ ਦਿੱਤੇ ਹੋਏ ਸਨ, ਜਿੱਥੋਂ ਪੁਲੀਸ ਨੇ ਇਹ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।