ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਅਤੇ ਸਰੋਵਰ ਵਿਚ ਗੁਟਕਾ ਸੁੱਟ ਕੇ ਗੁਰਬਾਣੀ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਲਈ ਸ਼੍ਰ੍ਰੋਮਣੀ ਕਮੇਟੀ ਨੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਜਾਂਚ ਕਮੇਟੀ ਦੀ ਪਹਿਲੀ ਮੀਟਿੰਗ 5 ਜਨਵਰੀ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਇਸ ਸੱਤ ਮੈਂਬਰੀ ਕਮੇੇਟੀ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਗੁਰਚਰਨ ਸਿੰਘ ਗਰੇਵਾਲ ਅਤੇ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੂੰ ਕਮੇਟੀ ਦਾ ਕੋਆਰਡੀਨੇਟਰ ਨਾਮਜ਼ਦ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ 18 ਦਸੰਬਰ ਨੂੰ ਅਣਪਛਾਤੇ ਵਿਅਕਤੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਪ੍ਰਕਾਸ਼ ਅਸਥਾਨ ’ਤੇ ਬੇਅਦਬੀ ਕਰਨ ਦਾ ਯਤਨ ਕੀਤਾ ਸੀ। ਪੁੱਛਗਿਛ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਗਈ ਸੀ, ਪਰ ਅਜੇ ਤੱਕ ਇਸ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ ਤੇ ਨਾ ਹੀ ਉਸ ਦੇ ਸਿਰਨਾਵੇਂ ਬਾਰੇ ਕੁਝ ਪਤਾ ਲੱਗ ਸਕਿਆ ਹੈ। ਇਸੇ ਤਰ੍ਹਾਂ 15 ਦਸੰਬਰ ਨੂੰ ਲੁਧਿਆਣਾ ਦੇ ਨੌਜਵਾਨ ਨੇ ਗੁਰਬਾਣੀ ਦੇ ਗੁਟਕੇ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਸੁੱਟ ਕੇ ਗੁਰਬਾਣੀ ਦੀ ਬੇਅਦਬੀ ਦਾ ਯਤਨ ਕੀਤਾ ਸੀ। ਇਸ ਨੌਜਵਾਨ ਨੂੰ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਕਾਬੂ ਕਰਨ ਮਗਰੋਂ ਪੁਲੀਸ ਨੂੰ ਸੌਂਪ ਦਿੱਤਾ ਸੀ। ਇਨ੍ਹਾਂ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਂਚ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ।