ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 15 ਮਈ
ਪੰਜਾਬ ਵਿਧਾਨ ਸਭਾ ’ਚ ਪਾਸ ਕੀਤੇ ਗਏ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਸੋਧ ਬਿੱਲ 2021 ਰੱਦ ਕਰਵਾਉਣ ਅਤੇ ਹੋਰ ਮੰਗਾਂ ਸਬੰਧੀ ਅੱਜ ਆਜ਼ਾਦ ਟੈਕਸੀ ਯੂਨੀਅਨ (ਪੰਜਾਬ) ਨੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੀ ਸਥਾਨਕ ਰਿਹਾਇਸ਼ ਨੇੜੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹਰਨਰਾਇਣ ਸਿੰਘ ਮਾਨ, ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ , ਸੂਬਾ ਸਕੱਤਰ ਰਾਜਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਪੱਮਾ ਨੇ ਕਿਹਾ ਕਿ ਗੱਡੀਆਂ ਦੀ ਪਾਸਿੰਗ ਦਾ ਕੰਮ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾ ਰਹੀ ਹੈ, ਜਿਸ ਦਾ ਉਹ ਸਖ਼ਤ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਪੁਰਾਣੀਆਂ ਗੱਡੀਆਂ ਸਕਰੈਪ ਸੈਂਟਰਾਂ ਨੂੰ ਕੌਡੀਆਂ ਦੇ ਭਾਅ ਵੇਚਣ ਅਤੇ ਜ਼ਿਆਦਾ ਵਿਆਜ਼ ਦਰ ’ਤੇ ਨਵੇਂ ਵਾਹਨ ਖ਼ਰੀਦਣ ਲਈ ਮਜਬੂਰ ਕੀਤਾ ਜਾਵੇਗਾ। ਇਹ ਸਭ ਕੁਝ ਭਾਜਪਾ ਦੀ ਆਟੋ ਮੋਬਾਈਲ ਕੰਪਨੀਆਂ ਤੋਂ ਚੋਣ ਫੰਡ ਲੈਣ ਦੀ ਨੀਤੀ ਦਾ ਹਿੱਸਾ ਹੈ। ਉਨ੍ਹਾਂ ਮੰਗ ਕੀਤੀ ਕਿ ਕਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਪਹਿਲੀ ਮਾਰਚ 2020 ਤੋਂ 30 ਜੂਨ 2021 ਤੱਕ ਟੈਕਸ ਮੁਆਫ਼ੀ ਦਿੱਤੀ ਜਾਵੇ, ਪਰਿਵਾਹਨ ਅਯੋਗ ਦਾ ਗਠਨ ਕਰਕੇ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ, ਨੈਸ਼ਨਲ ਪਰਮਿਟ ਦੇ ਨਾਂ ’ਤੇ ਟੈਕਸੀ ਚਾਲਕਾਂ ਦੀ ਲੁੱਟ ਬੰਦ ਕਰਕੇ ਟੈਕਸ ਸਲੈਬ ਪ੍ਰਤੀ ਸੀਟ ਦੇ ਅਧਾਰ ’ਤੇ ਦੋ ਹਜ਼ਾਰ ਰੁਪਏ ਕੀਤੀ ਜਾਵੇ, ਚਲਾਨ ਦੇ ਨਾਂ ’ਤੇ ਟਰੈਫਿਕ ਪੁਲੀਸ ਅਤੇ ਖੇਤਰੀ ਟਰਾਂਸਪੋਰਟ ਅਫ਼ਸਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਬੰਦ ਕੀਤੀ ਜਾਵੇ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਵਾਧੂ ਆਰਥਿਕ ਬੋਝ ਟੈਕਸੀ ਚਾਲਕਾਂ ਦੇ ਮਾਲਕਾਂ ’ਤੇ ਨਾ ਪਾਇਆ ਜਾਵੇ ਅਤੇ ਪੂਰੇ ਦੇਸ਼ ਦੇ ਟੈਕਸੀ ਚਾਲਕਾਂ ਤੇ ਮਾਲਕਾਂ ਲਈ ਇੱਕ ਟੈਕਸੀ ਪਾਲਿਸੀ ਲਾਗੂ ਹੋਵੇ।
ਇਸ ਮੌਕੇ 10 ਮੈਂਬਰੀ ਵਫ਼ਦ ਨੇ ਕੈਬਨਿਟ ਮੰਤਰੀ ਦੀ ਰਿਹਾਇਸ਼ ’ਤੇ ਪੁੱਜ ਕੇ ਮੰਤਰੀ ਦੇ ਪੀਏ ਦਰਬਾਰਾ ਸਿੰਘ ਅਤੇ ਮੁਹੰਮਦ ਤਾਰਿਕ ਨੂੰ ਮੰਗ ਪੱਤਰ ਸੌਂਪਿਆ। ਇਸ ਮਗਰੋਂ ਕੈਬਨਿਟ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮਿਲਣ ’ਤੇ ਉਨ੍ਹਾਂ ਧਰਨਾ ਸਮਾਪਤ ਕਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਤਰੀ ਨਾਲ ਮੁਲਾਕਾਤ ਨਾ ਹੋਈ ਤਾਂ ਉਨ੍ਹਾਂ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।