ਰਵੇਲ ਸਿੰਘ ਭਿੰਡਰ
ਪਟਿਆਲਾ, 1 ਅਪਰੈਲ
ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅੱਜ ਪੰਜਾਬ ਸਕੂਲ ਆਫ਼ ਲਾਅ ਵਿਭਾਗ ਦੇ ਪ੍ਰੋਫ਼ੈਸਰ ਡਾ. ਵਰਿੰਦਰ ਕੁਮਾਰ ਕੌਸ਼ਿਕ ਨੂੰ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿੱਚ ਅਗਲੇ ਰਜਿਸਟਰਾਰ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਕਾਰਜਕਾਰੀ ਵਾਈਸ ਚਾਂਸਲਰ ਰਵਜੀਤ ਕੌਰ ਨੇ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਪੁੱਜ ਕੇ ਜਾਰੀ ਕੀਤੇ ਗਏ ਹੁਕਮਾਂ ਵਿੱਚ ਅਗਲੇ ਰਜਿਸਟਰਾਰ ਦੀ ਵਾਗਡੋਰ ਡਾ. ਕੌਸ਼ਿਕ ਹਵਾਲੇ ਕਰ ਦਿੱਤੀ ਹੈ। ਡਾ. ਕੌਸ਼ਿਕ ਮੌਜੂਦਾ ਵਿਭਾਗੀ ਜ਼ਿੰਮੇਵਾਰੀਆਂ ਦੇ ਨਾਲ ਨਾਲ ਇੱਕ ਸਾਲ ਲਈ ਯੂਨੀਵਰਸਿਟੀ ਰਜਿਸਟਰਾਰ ਦਾ ਕੰਮਕਾਰ ਵੀ ਵੇਖਣਗੇ।
ਉਧਰ, ਪੂਟਾ ਨੇ ਇਸ ਨਵੀਂ ਨਿਯੁਕਤੀ ਦਾ ਵਿਰੋਧ ਕੀਤਾ ਹੈ। ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਤੇ ਸਕੱਤਰ ਡਾ. ਅਵਨੀਤ ਸਿੰਘ ਨੇ ਦੱਸਿਆ ਕਿ ਭਲਕੇ 2 ਅਪਰੈਲ ਨੂੰ ਅਜਿਹੇ ਫ਼ੈਸਲੇ ਖ਼ਿਲਾਫ਼ ਯੂਨੀਵਰਸਿਟੀ ਦਾ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕਰਨਗੇ। ਪੂਟਾ ਹੋਰ ਮੰਗਾਂ ਤੋਂ ਇਲਾਵਾ ਰੈਗੂਲਰ ਵੀ.ਸੀ. ਦੀ ਜਲਦੀ ਨਿਯੁਕਤੀ ਦੀ ਵੀ ਮੰਗ ਕਰ ਰਹੀ ਹੈ। ਪੂਟਾ ਨੇ ਬੀਤੇ ਦਿਨ ਕਾਰਜਕਾਰੀ ਵੀਸੀ ’ਤੇ ਯੂਨੀਵਰਸਿਟੀ ਦਫ਼ਤਰ ਨਾ ਆਉਣ ਦੇ ਦੋਸ਼ ਮੜ੍ਹੇ ਸਨ ਤੇ ਅੱਜ ਕਾਰਜਕਾਰੀ ਵੀਸੀ ਵੱਲੋਂ ਭਾਰੀ ਪੁਲੀਸ ਫੋਰਸ ਨਾਲ ਕੈਂਪਸ ਪੁੱਜ ਕੇ ਅਗਲੇ ਰਜਿਸਟਰਾਰ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ। ਪੂਟਾ ਨੇ ਡਾ. ਕੌਸ਼ਿਕ ਖ਼ਿਲਾਫ਼ ਅੱਜ ਵੀ.ਸੀ.ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ’ਤੇ ਗ਼ਦਾਰ ਹੋਣ ਦੇ ਦੋਸ਼ ਮੜ੍ਹੇ। ਦੇਰ ਸ਼ਾਮ ਪੂਟਾ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਕੈਂਪਸ ’ਚ ਮੋਮਬੱਤੀ ਮਾਰਚ ਕੱਢਦਿਆਂ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਲਿਆ।