ਪੱਤਰ ਪ੍ਰੇਰਕ
ਤਰਨ ਤਾਰਨ, 9 ਅਗਸਤ
ਆਮ ਆਦਮੀ ਪਾਰਟੀ (ਆਪ) ਦੇ ਜ਼ਿਲ੍ਹਾ ਪਰਿਸ਼ਦ ਮੈਂਬਰ ਮੁਨੀਸ਼ ਕੁਮਾਰ ਉਰਫ ਮੋਨੂੰ ਚੀਮਾ ਨੇ ਆਪਣੇ ਘਰ ਬੇਗਾਨੀ ਔਰਤ ਨੂੰ ਲੈ ਕੇ ਆਉਣ ਦਾ ਵਿਰੋਧ ਕਰਨ ’ਤੇ ਆਪਣੀ ਪਤਨੀ ਵਿਸ਼ਾਲੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਵਿਸ਼ਾਲੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੋਨੂੰ ਚੀਮਾ ਕਾਂਗਰਸ ਪਾਰਟੀ ਵੱਲੋਂ ਗੱਗੋਬੁਆ ਤੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਚੁਣਿਆ ਗਿਆ ਸੀ ਪਰ ਉਹ ਇਸ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਉਸ ਦੀ ਪਤਨੀ ਵਿਸ਼ਾਲੀ ਉਨ੍ਹਾਂ ਦੇ ਜੱਦੀ ਪਿੰਡ ਚੀਮਾ ਕਲਾਂ ਦੀ ਸਰਪੰਚ ਹੈ। ਮੋਨੂੰ ਚੀਮਾ ਦਾ ਵੱਡਾ ਭਰਾ ਸੋਨੂੰ ਚੀਮਾ ਅੱਡਾ ਝਬਾਲ ਦਾ ਸਰਪੰਚ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੋਨੂੰ ਚੀਮਾ ਕੁਝ ਦਿਨ ਪਹਿਲਾਂ ਇਲਾਕੇ ਦੀ ਇਕ ਲੜਕੀ ਨੂੰ ਕਥਿਤ ਅਗਵਾ ਕਰਕੇ ਲੈ ਗਿਆ ਸੀ, ਜਿਸ ਦਾ ਉਸ ਦੀ ਪਤਨੀ ਵਿਰੋਧ ਕਰਦੀ ਸੀ| ਮੋਨੂੰ ਉਸ ਲੜਕੀ ਨੂੰ ਅੱਜ ਦੁਪਹਿਰ ਵੇਲੇ ਆਪਣੇ ਘਰ ਲੈ ਆਇਆ। ਵਿਸ਼ਾਲੀ ਨੇ ਇਸ ਦਾ ਗੁੱਸਾ ਕੀਤਾ ਤੇ ਤਕਰਾਰ ਦੌਰਾਨ ਮੋਨੂੰ ਨੇ ਉਸ ਦੀ ਲੱਤ ’ਤੇ ਗੋਲੀ ਮਾਰ ਦਿੱਤੀ।
ਪੇਕਾ ਪਰਿਵਾਰ ਅਨੁਸਾਰ ਮੋਨੂੰ ਆਪਣੀ ਪਤਨੀ ਨੂੰ ਕਈ ਦਿਨਾਂ ਤੋਂ ਧਮਕੀਆਂ ਦੇ ਰਿਹਾ ਸੀ ਜਿਸ ਕਾਰਨ ਉਸ ਦੇ ਪੇਕਾ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਸ਼ਿਕਾਇਤ ਕਰ ਕੇ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਪੁਲੀਸ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਝਬਾਲ ਪੁਲੀਸ ਨੇ ਮੋਨੂੰ ਚੀਮਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੋਨੂੰ ਚੀਮਾ ਅਤੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।