ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਸਤੰਬਰ
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਸਤੇ ਰਾਸ਼ਨ ਨੂੰ ਮਹਿੰਗੀ ਗੱਡੀ ਵਿੱਚ ਲੈ ਕੇ ਜਾਣ ਸਬੰਧੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਵੀ ਜਾਗ ਗਈ ਹੈ। ਇਸ ਤੋਂ ਬਾਅਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਣ ਵਾਲੇ ਲਾਭਪਾਤਰੀਆਂ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਨਾਜਾਇਜ਼ ਰਾਸ਼ਨ ਲੈ ਰਹੇ ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕੱਢਿਆ ਜਾਵੇ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਨਵੇਂ ਸਿਰੇ ਤੋਂ ਕਰਵਾਈ ਜਾਵੇਗੀ, ਜਿਸ ਤਹਿਤ ਵਿਭਾਗ ਦੇ ਆਰਸੀਐੱਮਐੱਸ ਪੋਰਟਲ ’ਤੇ ਮੌਜੂਦ ਹਰ ਸ਼੍ਰੇਣੀ ਦੇ ਲਾਭਪਾਤਰੀਆਂ ਦੀ ਪੜਤਾਲ ਕੀਤੀ ਜਾਵੇਗੀ ਤੇ ਅਯੋਗ ਲਾਭਪਾਤਰੀਆਂ ਦੇ ਨਾਮ ਤੇ ਕਾਰਡ ਕੱਟੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਨਾਖਤ ਦਾ ਕੰਮ ਸੂਬੇ ਭਰ ਵਿੱਚ ਸਬੰਧਤ ਡਿਪਟੀ ਕਮਿਸ਼ਨਰਾਂ ਤੇ ਐੱਸਡੀਐਮਜ਼ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਇਸ ਲਈ ਕਮੇਟੀਆਂ ਵੀ ਗਠਿਤ ਕੀਤੀਆਂ ਜਾਣਗੀਆਂ। ਪੇਂਡੂ ਹਲਕਿਆਂ ’ਚ ਮਾਲ ਪਟਵਾਰੀ ਤੇ ਡੀਸੀ ਵੱਲੋਂ ਨਾਮਜ਼ਦ ਕੋਈ ਇਕ ਅਧਿਕਾਰੀ ਕਮੇਟੀ ਦਾ ਮੈਂਬਰ ਬਣ ਸਕਦਾ ਹੈ। ਸ਼ਹਿਰੀ ਹਲਕਿਆਂ ਲਈ ਸਬੰਧਤ ਕਾਰਜਸਾਧਕ ਅਫ਼ਸਰ, ਕਮਿਸ਼ਨਰ ਮਿਉਂਸਿਪਲ ਕਾਰਪੋਰੇਸ਼ਨ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਤੇ ਸਬੰਧਤ ਜੀਓਜੀ ਮੈਂਬਰ ਕਮੇਟੀਆਂ ਦੇ ਮੈਂਬਰ ਹੋਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਯੋਗ ਪਾਏ ਜਾਣ ਵਾਲੇ ਲਾਭਪਾਤਰੀਆਂ ਦੇ ਨਾਮ ਕੱਟੇ ਜਾਣ ਦੇ ਕਾਰਨ ਸਪਸ਼ਟ ਕੀਤੇ ਜਾਣਗੇ।
ਪੰਜਾਬ ਵਿੱਚ ਫ਼ਿਲਮ ਸਿਟੀ ਸਥਾਪਤ ਕੀਤੀ ਜਾਵੇਗੀ: ਅਮਨ ਅਰੋੜਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕੌਮੀ ਤੇ ਕੌਮਾਂਤਰੀ ਫਿਲਮ ਅਤੇ ਸੰਗੀਤ ਜਗਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਫਿਲਮ ਅਤੇ ਮਨੋਰੰਜਨ ਸਿਟੀ ਸਥਾਪਤ ਕਰੇਗੀ। ਸੂਬਾ ਸਰਕਾਰ ਵੱਲੋਂ ਉੱਤਰੀ ਭਾਰਤ ਦੀ ਵਿਲੱਖਣ ਫਿਲਮ ਤੇ ਮਨੋਰੰਜਨ ਸਿਟੀ ਸਥਾਪਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸੂਬੇ ਵਿੱਚ ਫਿਲਮ ਸਿਟੀ ਦੀ ਸਥਾਪਨਾ ਲਈ ਬੁਨਿਆਦੀ ਢਾਂਚੇ ਤੇ ਹੋਰ ਲੋੜਾਂ ਦਾ ਅਧਿਐਨ ਕਰਨ ਲਈ ਵਫ਼ਦ ਸਣੇ ਰਾਮੋਜੀ ਫਿਲਮ ਸਿਟੀ ਅਤੇ ਅੰਨਪੂਰਨਾ ਸਟੂਡੀਓਜ਼ ਹੈਦਰਾਬਾਦ ਦਾ ਦੌਰਾ ਕੀਤਾ। ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਫਿਲਮ ਉਦਯੋਗ ਲਈ ਢੁਕਵਾਂ ਸਥਾਨ ਦੇਖ ਰਹੀ ਹੈ ਤੇ ਇੱਥੇ ਅਤਿ-ਆਧੁਨਿਕ ਫਿਲਮ ਸਿਟੀ ਸਥਾਪਤ ਕਰਨਾ ਚਾਹੁੰਦੀ ਹੈ। ਪੰਜਾਬ ਫਿਲਮ ਸਨਅਤ ਲਈ ਖਿੱਚ ਦਾ ਕੇਂਦਰ ਰਿਹਾ ਹੈ ਪਰ ਇੱਥੇ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸਾਜ਼ੋ-ਸਾਮਾਨ ਦੀ ਘਾਟ ਰੜਕਦੀ ਰਹਿੰਦੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਦੋ ਕੌਮਾਂਤਰੀ ਹਵਾਈ ਅੱਡੇ ਮੌਜੂਦ ਹਨ, ਸੂਬੇ ਦੇ ਹਰ ਪਿੰਡ ਤੱਕ ਪਹੁੰਚ ਰੱਖਣ ਵਾਲੇ ਵਧੀਆ ਸੜਕੀ ਤੇ ਰੇਲ ਰਸਤੇ ਹਨ ਜੋ ਫਿਲਮ ਸਿਟੀ ਲਈ ਢੁਕਵੇਂ ਹਨ। ਸੂਬੇ ਦੀ ਆਧੁਨਿਕ ਜੀਵਨ ਸ਼ੈਲੀ ਹੌਲੀਵੁੱਡ, ਬੌਲੀਵੁੱਡ, ਪਾਲੀਵੁੱਡ ਅਤੇ ਟਾਲੀਵੁੱਡ ਨੂੰ ਖਿੱਚਣ ਲਈ ਅਹਿਮ ਹੈ। ਇਸ ਮੌਕੇ ਵਫ਼ਦ ਨੇ ਦੱਖਣ ਭਾਰਤ ਦੇ ਮਾਹਿਰਾਂ ਨਾਲ ਫਿਲਮ ਤੇ ਮਨੋਰੰਜਨ ਉਦਯੋਗ ਦੀਆਂ ਆਧੁਨਿਕ ਲੋੜਾਂ ਅਨੁਸਾਰ ਫਿਲਮ ਅਤੇ ਮਨੋਰੰਜਨ ਸਿਟੀ ਦੀ ਸਥਾਪਨਾ ਲਈ ਖਰੜਾ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਕੀਤਾ।