ਗਗਨਦੀਪ ਅਰੋੜਾ
ਲੁਧਿਆਣਾ, 6 ਮਈ
ਸਨਅਤੀ ਸ਼ਹਿਰ ਦੇ ਭਾਈ ਰਣਧੀਰ ਸਿੰਘ ਨਗਰ ’ਚ ਸੇਵਾਮੁਕਤ ਆਮਦਨ ਕਰ ਅਧਿਕਾਰੀ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਉਨ੍ਹਾਂ ਦੀ ਨੂੰਹ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਚਰਨਜੀਤ ਸਿੰਘ ਉਰਫ਼ ਜਗਦੇਵ ਵਾਸੀ ਜਸਦੇਵ ਸਿੰਘ ਨਗਰ ਵਜੋਂ ਹੋਈ ਹੈ, ਜੋ ਇਕ ਪਰਵਾਸੀ ਭਾਰਤੀ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ, ਜਿਸ ਨਾਲ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਬ੍ਰਿਟਿਸ਼ ਨਾਗਰਿਕ ਹੈ, ਜੋ ਲੰਡਨ ’ਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਦਾ ਛੋਟਾ ਲੜਕਾ ਜਗਮੋਹਨ ਸਿੰਘ ਕੈਨੇਡਾ ਵਾਸੀ ਹੈ, ਜਿਸ ਦਾ ਵਿਆਹ 2008 ’ਚ ਮੁਲਜ਼ਮ ਚਰਨਜੀਤ ਦੀ ਭੈਣ ਨਾਲ ਹੋਇਆ ਸੀ। ਪੁਲੀਸ ਅਨੁਸਾਰ ਉਸ ਦੀ ਭੈਣ ਨੂੰ ਸਹੁਰਾ ਪਰਿਵਾਰ ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਝਗੜਾ ਰਹਿਣ ਲੱਗ ਪਿਆ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਆਪਣੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਪਿੱਛੇ ਸੁਖਦੇਵ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਕਸੂਰਵਾਰ ਮੰਨਦਾ ਸੀ ਤੇ ਦੋਵਾਂ ਨੂੰ ਰਾਹ ਵਿਚੋਂ ਹਟਾਉਣਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਉਹ ਦੋਹਾਂ ਦਾ ਕਤਲ ਕਰਨ ਲਈ ਜਨਵਰੀ ਵਿੱਚ ਲੁਧਿਆਣਾ ਆਇਆ ਸੀ। ਮੁਲਜ਼ਮ ਨੇ ਪਹਿਲਾਂ ਜੂਨ ’ਚ ਵਾਪਸ ਜਾਣਾ ਸੀ, ਪਰ ਉਸ ਨੂੰ ਪਤਾ ਲੱਗਾ ਕਿ 15 ਮਈ ਨੂੰ ਸੁਖਦੇਵ ਤੇ ਉਸ ਦੀ ਪਤਨੀ ਆਪਣੇ ਲੜਕੇ ਕੋਲ ਜਾ ਰਹੇ ਹਨ। ਇਸ ਤੋਂ ਬਾਅਦ ਉਸ ਨੇ ਵੀ ਆਪਣੀ ਟਿਕਟ 16 ਮਈ ਦੀ ਕਰਵਾ ਲਈ ਤਾਂ ਕਿ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਵਿਦੇਸ਼ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛ- ਪੜਤਾਲ ਕੀਤੀ ਜਾ ਰਹੀ ਹੈ।