ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 14 ਜੁਲਾਈ
ਸ਼ਾਹਕੋਟ ਸਬ-ਡਿਵੀਜ਼ਨ ਵਿੱਚ ਹੜ੍ਹ ਦੀ ਲਪੇਟ ’ਚ ਆਏ ਤਿੰਨ ਦਰਜਨ ਪਿੰਡਾਂ ’ਚੋਂ ਇਕ ਦਰਜਨ ਪਿੰਡ ਜ਼ਿਆਦਾ ਪ੍ਰਭਾਵਿਤ ਹੋਏ ਹਨ। ਹੜ੍ਹ ਨਾਲ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਿਆ ਹੈ। ਬਿਜਲੀ ਦੇ ਖੰਭੇ ਡਿੱਗਣ ਕਾਰਨ ਤਾਰਾਂ ਟੁੱਟ ਚੁੱਕੀਆਂ ਹਨ ਅਤੇ ਟਰਾਂਸਫਾਰਮਰਾਂ ’ਚ ਪਾਣੀ ਭਰ ਗਿਆ ਹੈ।
ਜਾਣਕਾਰੀ ਅਨੁਸਾਰ ਮੰਢਾਲਾ, ਮਹਿਰਾਜਵਾਲਾ, ਸਰਦਾਰਵਾਲਾ, ਜਾਣੀਆਂ ਚਾਹਲ, ਗੱਟੀ ਰਾਇਪੁਰ, ਗੱਟੀ ਪੀਰ ਬਖਸ਼, ਕੁਤਬੀਵਾਲ, ਨਸੀਰਪੁਰ, ਨੱਲ੍ਹ, ਜਲਾਲਪੁਰ ਖੁਰਦ, ਕੰਗ ਖੁਰਦ, ਮੁੰਡੀ ਚੋਹਲੀਆਂ, ਦਾਰੇਵਾਲ, ਗਿੱਦੜਪਿੰਡੀ ਅਤੇੇ ਖੋਸਾ ਆਦਿ ਤੋਂ ਇਲਾਵਾ ਕਈ ਹੋਰ ਪਿੰਡਾਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਕਰੀਬ 30 ਹਜ਼ਾਰ ਏਕੜ ਜ਼ਮੀਨ ’ਤੇ ਬੀਜੀ ਫਸਲ ਪਾਣੀ ’ਚ ਡੁੱਬ ਗਈ ਹੈ। ਹੜ੍ਹਾਂ ਵਿਚ ਘਿਰੇ ਵੱਡੀ ਗਿਣਤੀ ਲੋਕਾਂ ਨੂੰ ਪ੍ਰਸ਼ਾਸਨ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸੈਂਕੜੇ ਪਰਿਵਾਰ ਆਪਣੇ ਘਰਾਂ ਦੀਆਂ ਛੱਤਾਂ ’ਤੇ ਜ਼ਰੂਰੀ ਘਰੇਲੂ ਸਾਮਾਨ ਰੱਖ ਕੇ ਬੈਠੇ ਹਨ। ਪ੍ਰਸ਼ਾਸਨ, ਫੌਜ, ਪੁਲੀਸ, ਐੱਸਡੀਆਰਆਫ ਦੀਆਂ ਟੀਮਾਂ ਅਤੇ ਆਮ ਲੋਕ ਹੜ੍ਹ ਪੀੜਤਾਂ ਦੀ ਦਿਨ-ਰਾਤ ਮਦਦ ਕਰ ਰਹੇ ਹਨ। ਇਸ ਦੌਰਾਨ ਪੀਣ ਵਾਲੇ ਪਾਣੀ ਅਤੇ ਪਸ਼ੂਆਂ ਦੇ ਚਾਰੇ ਦੀ ਕਿੱਲਤ ਪਾਈ ਜਾ ਰਹੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ, ਉਨ੍ਹਾਂ ਦੇ ਸੇਵਾਦਾਰ ਅਤੇ ਆਮ ਲੋਕ ਪਾੜ ਪੂਰਨ ਲਈ ਮੁਸ਼ੱਕਤ ਕਰ ਰਹੇ ਹਨ। 300 ਫੁੱਟ ਦੇ ਪਾੜ ’ਚੋਂ 100 ਫੁੱਟ ਪੂਰਿਆ ਜਾ ਚੁੱਕਾ ਹੈ। ਹੜ੍ਹ ਪ੍ਰਭਾਵਿਤ ਬਜ਼ੁਰਗਾਂ ਦਾ ਕਹਿਣਾ ਹੈ ਕਿ ਹਰ ਚਾਰ-ਪੰਜ ਸਾਲ ਬਾਅਦ ਦਰਿਆ ਸਤਲੁਜ ਉਨ੍ਹਾਂ ਦੀ ਕਮਾਈ ਰੋੜ੍ਹ ਕੇ ਲੈ ਜਾਂਦਾ ਹੈ। ਇਸ ਦੌਰਾਨ ਹੜ੍ਹ ਪੀੜਤ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਕਈ ਵਾਰ ਲੀਹੋਂ ਉੱਤਰ ਚੁੱਕੀ ਹੈ। ਹੜ੍ਹ ਆਉਣ ’ਤੇ ਹਰ ਵਾਰ ਲੋਕ ਖੁਦ ਪਾੜ ਪੂਰਦੇ ਹਨ। ਦਰਿਆ ’ਚ ਪਾਣੀ ਘਟਣ ਤੋਂ ਬਾਅਦ ਮਰੇ ਪਸ਼ੂਆਂ ਦੀ ਬਦਬੂ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵਧ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਹੜ੍ਹਾਂ ਦੀ ਰੋਕਥਾਮ ਲਈ ਧੁੱਸੀ ਬੰਨ੍ਹ ਪੱਕਾ ਤੇ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਸ਼ਾਹਕੋਟ ਦੇ ਐੱਸਡੀਐੱਮ ਰਿਸ਼ਭ ਬਾਂਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਹਿਸੀਲ ਵਿਚਲੇ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਲਈ 30 ਲੱਖ ਰੁਪਏ ਜਾਰੀ ਕੀਤੇ ਗਏ ਹਨ। ਹੜ੍ਹ ਪੀੜਤਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਸਪਲਾਈ ਕਰਨ ਦੀ ਜ਼ਿੰਮੇਵਾਰੀ ਫੂਡ ਸਪਲਾਈ ਵਿਭਾਗ ਦੀ ਲਗਾਈ ਗਈ ਹੈ। ਪੀੜਤਾਂ ਦੀ ਮਦਦ ਕਰਨ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਵੱਲ 15,150 ਕਿਊਸਿਕ ਪਾਣੀ ਛੱਡਿਆ
ਪਠਾਨਕੋਟ (ਪੱਤਰ ਪ੍ਰੇਰਕ): ਰਣਜੀਤ ਸਾਗਰ ਡੈਮ ਤੋਂ ਪੂਰੀ ਸਮਰੱਥਾ ਨਾਲ ਬਿਜਲੀ ਦਾ ਉਤਪਾਦਨ ਕਰਨ ਲਈ ਮਾਧੋਪੁਰ ਹੈੱਡਵਰਕਸ ਤੋਂ 6 ਗੇਟ ਖੋਲ੍ਹ ਕੇ 15 ਹਜ਼ਾਰ 150 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਹੈ। ਪਾਕਿਸਤਾਨ ਵੱਲ ਪਾਣੀ ਭੇਜਣ ਦਾ ਮੁੱਖ ਕਾਰਨ ਗੁਰਦਾਸਪੁਰ-ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਖੇਤਾਂ ਦੀ ਸਿੰਜਾਈ ਲਈ ਪਾਣੀ ਦੀ ਮੰਗ ਦਾ ਘਟਣਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬਰਸਾਤੀ ਪਾਣੀ ਕਾਰਨ ਉਝ ਤੇ ਰਾਵੀ ਦਰਿਆਵਾਂ ਦਾ ਪੱਧਰ ਵਧਣ ਮਗਰੋਂ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਕਾਫੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਅੱਜ ਸ਼ਾਮਲ 4 ਵਜੇ ਪਾਣੀ ਦਾ ਪੱਧਰ 522.90 ਮੀਟਰ ਦਰਜ ਕੀਤਾ ਗਿਆ ਹੈ, ਜਦਕਿ ਡੈਮ ਦੀ ਝੀਲ ਵਿੱਚ ਪਹਾੜਾਂ ’ਚੋਂ 20,993 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ। ਡੈਮ ਦੇ ਚਾਰੇ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਅਤੇ ਬਿਜਲੀ ਪੈਦਾ ਕਰਨ ਮਗਰੋਂ 20,993 ਕਿਊਸਿਕ ਪਾਣੀ ਹੇਠਾਂ ਮਾਧੋਪੁਰ ਹੈੱਡਵਰਕਸ ਵੱਲ ਛੱਡਿਆ ਜਾ ਰਿਹਾ ਹੈ। ਮਾਧੋਪੁਰ ਹੈੱਡਵਰਕਸ ਦੇ ਐਸਡੀਓ ਪ੍ਰਦੀਪ ਕੁਮਾਰ ਨੇ ਦੱਸਿਆ ਬਰਸਾਤਾਂ ਰੁਕਣ ਨਾਲ ਹੁਣ ਸਥਿਤੀ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਦੀ ਮੰਗ ਵਧੇਗੀ ਤਾਂ ਪਾਕਿਸਤਾਨ ਵੱਲ ਛੱਡਿਆ ਜਾਣ ਵਾਲਾ ਪਾਣੀ ਬੰਦ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਸ਼ਾਹਪੁਰਕੰਡੀ ਡੈਮ ਦੇ ਮੁੱਖ ਇੰਜਨੀਅਰ ਸ਼ੇਰ ਸਿੰਘ ਨੇ ਦੱਸਿਆ ਕਿ ਡੈਮ ਦੇ ਮੁੱਖ ਬੰਨ੍ਹ ਦਾ ਉਸਰੀ ਕਾਰਜ ਜੰਗੀ ਪੱਧਰ ’ਤੇ ਜਾਰੀ ਹੈ ਤੇ ਹੁਣ ਤੱਕ 90 ਫ਼ੀਸਦ ਕੰਮ ਪੂਰਾ ਹੋ ਚੁੱਕਾ ਹੈ।