ਬਲਵਿੰਦਰ ਰੈਤ
ਨੂਰਪੁਰ ਬੇਦੀ, 23 ਦਸੰਬਰ
ਅੱਜ ਕਲਵਾਂ ਦੇ ਜੰਗਲ ਵਿੱਚੋ ਭੱਟਕ ਕੇ ਇੱਕ ਫਾਰਮ ਵਿੱਚ ਆਇਆ ਤੇਂਦੂਆ ਜਾਲ ਵਿੱਚ ਫਸ ਗਿਆ। ਜਦੋਂ ਇਸ ਤੇਂਦੂਏ ਦੀ ਭਿਣਕ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਲੱਗੀ ਤਾਂ ਉਨ੍ਹਾਂ ਵਿੱਚ ਸਹਿਮ ਪੈਦਾ ਹੋ ਗਿਆ। ਉਨ੍ਹਾਂ ਤੁਰੰਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜੰਗਲਾਤ ਵਿਭਾਗ ਦੀ ਟੀਮ ਵੱਲੋਂ ਪਿੰਜਰਾ, ਜਾਲ ਅਤੇ ਹੋਰ ਸਾਜ਼ੋ ਸਾਮਾਨ ਲੈ ਕੇ ਤੁਰੰਤ ਤੇਂਦੂਏ ਕੋਲ ਆ ਕੇ ਤੇਂਦੂਏ ਨੂੰ ਜਾਲ ਵਿੱਚੋਂ ਸੁਰੱਖਿਅਤ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ। ਇਹ ਵੀ ਪਤਾ ਲੱਗਾ ਕਿ ਛੱਤਬੀੜ ਚਿੜੀਆ ਘਰ ਦੀ ਇੱਕ ਟੀਮ ਤੇਂਦੂਏ ਨੂੰ ਰਾਤ ਦੋ ਵਜੇ ਪਿੰਜਰੇ ਵਿੱਚ ਬੰਦ ਕਰਕੇ ਲੈ ਗਈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਤੇਂਦੂਏ ਦੀ ਇੱਕ ਲੱਤ ਦੇ ਜ਼ਖਮ ਹਨ। ਦੱਸਣਯੋਗ ਹੈ ਕਿ ਪਿੰਡਾਂ ਦੇ ਲੋਕ ਅਕਸਰ ਜੰਗਲ ਵਿੱਚ ਲੱਕੜ ਅਤੇ ਘਾਹ ਲੈਣ ਲਈ ਜੰਗਲ ਵਿੱਚ ਜਾਂਦੇ ਹਨ। ਇਸ ਸਬੰਧੀ ਰੂਪਨਗਰ ਦੇ ਡੀਐਫਓ ਧਰਮਵੀਰ ਦੱਸਿਆ ਕਿ ਕਾਬੂ ਕੀਤੇ ਤੇਂਦੂਏ ਦਾ ਇਲਾਜ ਹੁਣ ਛੱਤਬੀੜ ਦੇ ਚਿੜੀਆ ਘਰ ਵਿੱਚ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੰਗਲ ਵਿੱਚ ਜਾਣ ਵੇਲੇ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਤੇਂਦੂਏ ਵਰਗੇ ਜਾਨਵਰ ਉਦੋਂ ਤਕ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਦੋਂ ਤਕ ਅਸੀਂ ਉਨ੍ਹਾਂ ਨੂੰ ਛੇੜਦੇ ਨਹੀਂ।