ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 30 ਜਨਵਰੀ
ਕਾਂਗਰਸ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਦੇ ਮਾਮੇ ਅਤੇ ਮਾਛੀਵਾੜਾ ਦੇ ਇੱਕ ਕਾਂਗਰਸੀ ਧੜੇ ਨੇ ਆਪਣੀ ਪਾਰਟੀ ਨੂੰ ਬਾਗੀ ਤੇਵਰ ਦਿਖਾਉਂਦਿਆਂ ਹਲਕਾ ਸਮਰਾਲਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਬਿੱਟੂ ਦੇ ਮਾਮਾ ਤੇਜਿੰਦਰ ਸਿੰਘ ਕੂੰਨਰ, ਜੋ ਕਿ ਮਾਛੀਵਾੜਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦਾਣਾ ਮੰਡੀ ਵਿਚ ਕਾਂਗਰਸ ਸਮੇਤ ਵੱਖ-ਵੱਖ ਸਿਆਸੀ ਪਾਰਟੀ ਦੇ ਸਮਰਥਕ ਆੜ੍ਹਤੀਆਂ ਦਾ ਇਕੱਠ ਕਰਦਿਆਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਰਾਜੇਵਾਲ ਨੂੰ ਜਿਤਾਉਣ ਦਾ ਪ੍ਰਣ ਕੀਤਾ। ਸਮਾਗਮ ਦੌਰਾਨ ਰਾਜੇਵਾਲ ਦੇ ਪੁੱਤਰ ਤੇਜਿੰਦਰ ਸਿੰਘ ਤੇਜੀ ਨੇ ਹਮਾਇਤ ਦੇਣ ਲਈ ਆੜ੍ਹਤੀ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇਜਿੰਦਰ ਸਿੰਘ ਕੂੰਨਰ ਅਤੇ ਟਰਾਂਸਪੋਰਟਰ ਰਾਜਵੰਤ ਸਿੰਘ ਕੂੰਨਰ ਨੇ ਕਿਹਾ ਕਿ ਰਾਜੇਵਾਲ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਕੇ ਆੜ੍ਹਤੀਆਂ ਦਾ ਕਾਰੋਬਾਰ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵਿਕਣ ਤੋਂ ਬਚਾਈਆਂ। ਜੇ ਰਾਜੇਵਾਲ ਸੰਘਰਸ਼ ਨਾ ਲੜਦੇ ਤਾਂ ਪੰਜਾਬ ਦਾ ਹਰ ਵਰਗ ਤਬਾਹੀ ਕਿਨਾਰੇ ਪਹੁੰਚ ਜਾਣਾ ਸੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਦੇ ਬਹੁਗਿਣਤੀ ਆੜ੍ਹਤੀ, ਜੋ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਦੇ ਹਨ, ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਜੇਵਾਲ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਸੋਹਣ ਲਾਲ ਸ਼ੇਰਪੁਰੀ, ਗੁਰਨਾਮ ਸਿੰਘ ਨਾਗਰਾ, ਜੇਪੀ ਸਿੰਘ ਮੱਕੜ, ਨੇਮ ਚੰਦ, ਮਨੀਸ਼ ਲੂਥੜਾ, ਸ਼ਸ਼ੀ ਭਾਟੀਆ ਤੇ ਹੋਰ ਹਾਜ਼ਰ ਸਨ।
ਕਾਂਗਰਸ ਚਾਹੇ ਪਾਰਟੀ ’ਚੋਂ ਕੱਢ ਦੇਵੇ ਪਰ ਰਾਜੇਵਾਲ ਦੀ ਹਮਾਇਤ ਕਰਾਂਗਾ: ਕੂੰਨਰ
ਕਾਂਗਰਸੀ ਆਗੂ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੀ ਹਮਾਇਤ ਕਰਨ ’ਤੇ ਬੇਸ਼ੱਕ ਕਾਂਗਰਸ ਹਾਈ ਕਮਾਂਡ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦੇਵੇ ਪਰ ਉਹ ਇਸ ਵਾਰ ਬਲਬੀਰ ਸਿੰਘ ਰਾਜੇਵਾਲ ਦੀ ਹਮਾਇਤ ਕਰਨਗੇ। ਉਨ੍ਹਾਂ ਕਿਹਾ ਕਿ ਮਾਛੀਵਾੜਾ ਦੇ ਸਾਰੇ ਆੜ੍ਹਤੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਉਨ੍ਹਾਂ ਨਾਲ ਜੁੜੇ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਨੂੰ ਸੰਯੁਕਤ ਸਮਾਜ ਮੋਰਚੇ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ।