ਸੰਤੋਖ ਗਿੱਲ
ਗੁਰੂਸਰ ਸੁਧਾਰ, 23 ਮਈ
ਪਿੰਡ ਟੂਸੇ ਦੇ ਕਿਸਾਨ ਜਸਵੀਰ ਸਿੰਘ ਦੇ ਖੇਤਾਂ ਨੂੰ ਜਾਂਦੇ ਰਸਤੇ ਬਾਰੇ ਮਾਤਾ ਸ਼ੇਰਾਂ ਵਾਲੀ ਪ੍ਰਾਚੀਨ ਮੰਦਰ ਕਮੇਟੀ ਦੇ ਅਹੁਦੇਦਾਰਾਂ, ਕਿਸਾਨ ਪਰਿਵਾਰ ਅਤੇ ਪੰਚਾਇਤ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਕਾਰਨ ਪਿੰਡ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਸਣੇ ਹੋਰ ਜ਼ਿਲ੍ਹਾ ਅਤੇ ਸਥਾਨਕ ਆਗੂ ਅੱਜ ਵਿਵਾਦਤ ਸਥਾਨ ’ਤੇ ਪਹੁੰਚੇ। ਸ੍ਰੀ ਕਾਲੀਆ ਨੇ ਮੰਦਰ ਕਮੇਟੀ ਦੇ ਅਹੁਦੇਦਾਰਾਂ ਤੇ ਕਿਸਾਨ ਜਸਵੀਰ ਸਿੰਘ ਦਾ ਪੱਖ ਸੁਣਨ ਮਗਰੋਂ ਪੁਲੀਸ ਨੂੰ ਪਾਰਦਰਸ਼ੀ ਢੰਗ ਨਾਲ ਨਿਰਪੱਖ ਜਾਂਚ ਦੀ ਮੰਗ ਕੀਤੀ।
ਕੁਝ ਦਿਨ ਪਹਿਲਾਂ ਹੋਏ ਝਗੜੇ ਦੌਰਾਨ ਮੰਦਰ ਕਮੇਟੀ ਨਾਲ ਜੁੜੇ ਡੋਗਰ ਸਿੰਘ ਨੇ ਪੰਚ ਜਸਵੀਰ ਸਿੰਘ ਦੀ ਪਤਨੀ ਸਮੇਤ ਹੋਰਨਾਂ ਖ਼ਿਲਾਫ਼ ਸਾਬਕਾ ਸਰਪੰਚ ਜਸਵੀਰ ਸਿੰਘ ਦੀ ਮੌਜੂਦਗੀ ਵਿੱਚ ਉਸ ਦੇ ਪੁੱਤਰ ਅਤੇ ਉਸ ਦੀ ਕੁੱਟਮਾਰ ਕਰਨ ਅਤੇ ਜ਼ਲੀਲ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਸਰਪੰਚ ਪਰਮਜੀਤ ਸਿੰਘ ਦੀ ਸ਼ਹਿ ’ਤੇ ਹੀ ਮੰਦਰ ਦੀ ਚਾਰਦੀਵਾਰੀ ਨੂੰ ਨੁਕਸਾਨ ਪਹੁੰਚਾਉਣ ਤੇ ਥਾਂ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਜੇ ਪਾਸੇ ਕਿਸਾਨ ਜਸਵੀਰ ਸਿੰਘ (ਪੰਚ) ਅਤੇ ਸਰਪੰਚ ਪਰਮਜੀਤ ਸਿੰਘ ਟੂਸੇ ਅਨੁਸਾਰ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਸ਼ਾਨਦੇਹੀ ਦੇ ਬਾਵਜੂਦ ਦੂਜੀ ਧਿਰ ਵੱਲੋਂ ਖੇਤ ਨੂੰ ਜਾਂਦੇ ਰਾਹ ’ਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ।
ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਪ੍ਰਿਥੀਪਾਲ ਸਿੰਘ ਐੱਸ.ਪੀ (ਹੈੱਡ-ਕੁਆਟਰ) ਦੀ ਅਗਵਾਈ ਹੇਠ ਚੰਦ ਸਿੰਘ ਡੀਐੱਸਪੀ ਵਿਸ਼ੇਸ਼ ਅਪਰਾਧ ਸ਼ਾਖਾ ਅਤੇ ਥਾਣਾ ਮੁਖੀ ਕਿਰਨਦੀਪ ਕੌਰ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਸਮੇਤ ਸਵੇਰ ਤੋਂ ਹੀ ਮੰਦਰ ਨੇੜੇ ਤਾਇਨਾਤ ਰਹੇ। ਐੱਸਪੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਥਾਂ ਹੋਏ ਝਗੜੇ ਸਬੰਧੀ ਪਹਿਲਾਂ ਹੀ ਜਾਂਚ ਚੱਲ ਰਹੀ ਹੈ ਤੇ ਇਸ ਮਸਲੇ ਦੇ ਸਥਾਈ ਹੱਲ ਲਈ ਮਾਲ ਵਿਭਾਗ ਦੇ ਅਧਿਕਾਰੀਆਂ ਸਣੇ ਐੱਸਡੀਐੱਮ ਰਾਏਕੋਟ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਕੇ ਮਾਲ ਰਿਕਾਰਡ ਦੀ ਤਸਦੀਕ ਕਰਵਾਈ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਉੱਧਰ ਥਾਣਾ ਸੁਧਾਰ ਦੀ ਪੁਲੀਸ ਵੱਲੋਂ ਕਿਸਾਨ ਜਸਵੀਰ ਸਿੰਘ (ਪੰਚ) ਦੀ ਪਤਨੀ ਰਣਜੀਤ ਕੌਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।