ਪੱਤਰ ਪ੍ਰੇਰਕ
ਅਟਾਰੀ, 29 ਅਕਤੂਬਰ
ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ ਸਰਹੱਦੀ ਚੌਕੀ ਕੱਕੜ ਲਾਗੇ ਕੰਡਿਆਲੀ ਤਾਰ ਨੇੜਿਓਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 22ਵੀਂ ਬਟਾਲੀਅਨ ਦੇ ਜਵਾਨ ਸਰਹੱਦੀ ਚੌਕੀ ਕੱਕੜ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕੰਡਿਆਲੀ ਤਾਰ ਤੋਂ ਥੋੜ੍ਹੀ ਦੂਰ ਇੱਕ ਲਿਫਾਫਾ ਮਿਲਿਆ, ਜਿਸ ਦੀ ਜਾਂਚ ਕਰਨ ’ਤੇ ਜਵਾਨਾਂ ਨੂੰ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ। ਬੀਐੱਸਐੱਫ ਨੇ ਹੈਰੋਇਨ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਬੀਤੇ ਦਿਨਾਂ ਵਿੱਚ ਕੌਮੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਗਸ਼ਤ ਦੌਰਾਨ ਕਾਫ਼ੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ।