ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੂਨ
ਭਾਰਤ ਅਤੇ ਚੀਨ ਦੇ ਸਰਹੱਦ ’ਤੇ ਨਦੀ ਵਿੱਚ ਬਚਾਅ ਅਪਰੇਸ਼ਨ ਦੌਰਾਨ ਜਾਲ ਲਾਉਂਦਿਆਂ ਡੁੱਬਣ ਕਾਰਨ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਭਾਰਤੀ ਫੌਜ ਦਾ ਜਵਾਨ ਸ਼ਹੀਦ ਹੋ ਗਿਆ। ਉਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਰਦਾਹੇੜੀ ਦਾ ਵਸਨੀਕ ਸੀ। ਭਾਰਤੀ ਫ਼ੌਜ ਦੀ ਰੈਜੀਮੈਂਟ 58 ਇੰਜਨੀਅਰਜ਼ ਦੇ ਲਾਂਸ ਨਾਇਕ ਸਲੀਮ ਖ਼ਾਨ ਦੀ ਮ੍ਰਿਤਕ ਦੇਹ ਅੱਜ ਬਾਅਦ ਦੁਪਹਿਰ 2 ਵਜੇ ਸ਼ਹੀਦ ਦੇ ਪਿੰਡ ਮਰਦਾਂਹੇੜੀ ਵਿਖੇ ਸਪੁਰਦ-ਏ-ਖਾਕ ਕੀਤੀ ਜਾਵੇਗੀ ।14 ਜਨਵਰੀ 1996 ਨੂੰ ਪਿਤਾ ਮੰਗਲ ਦੀਨ ਅਤੇ ਮਾਤਾ ਨਸੀਮਾ ਬੇਗਮ ਦੇ ਘਰ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਰਦਾਂਹੇੜੀ ਵਿਖੇ ਜਨਮਿਆ ਸਲੀਮ ਖ਼ਾਨ ਫਰਵਰੀ 2014 ਨੂੰ ਭਾਰਤੀ ਫ਼ੌਜ ਦੀ ਬੰਗਾਲ ਇੰਜਨੀਅਰ ਰੈਜੀਮੈਂਟ ‘ਚ ਭਰਤੀ ਹੋਇਆ ਸੀ।
ਉਸ ਦੇ ਪਰਿਵਾਰ ਵਿੱਚ ਮਾਤਾ, ਭੈਣ ਸੁਲਤਾਨਾ ਅਤੇ ਭਰਾ ਨਿਆਮਤ ਅਲੀ ਹਨ। ਸਲੀਮ ਦੇ ਪਿਤਾ ਜਨਾਬ ਮੰਗਲ ਦੀਨ ਨੇ ਵੀ ਭਾਰਤੀ ਫ਼ੌਜ ‘ਚ ਸੇਵਾ ਨਿਭਾਈ ਸੀ ਅਤੇ ਡਿਊਟੀ ਦੌਰਾਨ ਹਾਦਸੇ ਕਾਰਨ ਉਹ ਸੇਵਾਮੁਕਤ ਹੋ ਗਏ ਸਨ ਅਤੇ ਕਰੀਬ 18 ਸਾਲ ਪਹਿਲਾਂ ਉਨ੍ਹਾਂ ਦਾ ਵੀ ਦੇਹਾਂਤ ਹੋ ਗਿਆ ਸੀ। ਲਾਂਸ ਨਾਇਕ ਸਲੀਮ ਖ਼ਾਨ ਫ਼ੌਜ ਦੀ 58 ਇੰਜਨੀਅਰ ਰੈਜੀਮੈਂਟ ਵਿੱਚ ਭਾਰਤ-ਚੀਨ ਸਰਹੱਦ ਨੇੜੇ ਲੱਦਾਖ ਖੇਤਰ ‘ਚ ਵਗਦੀ ਸ਼ਿਓਕ ਨਦੀ ਨੇੜੇ ਜੋਖ਼ਮ ਭਰੇ ਹਾਲਾਤ ਵਿਖੇ ਭਾਰਤੀ ਫ਼ੌਜ ਦੇ ਅਪਰੇਸ਼ਨ ਖੇਤਰ ਵਿੱਚ ਆਪਣੀ ਡਿਊਟੀ ‘ਤੇ ਤਾਇਨਾਤ ਸੀ। ਇਸ ਰੈਜੀਮੈਂਟ ਵੱਲੋਂ 26 ਜੂਨ ਨੂੰ ਬਾਅਦ ਦੁਪਹਿਰ ਕਰੀਬ 1.30 ਵਜੇ ਸ਼ਿਓਕ ਨਦੀ ਵਿੱਚ ਕਿਸ਼ਤੀ ਰਾਹੀਂ ਭਾਰਤੀ ਫ਼ੌਜ ਦੇ ਅਪਰੇਸ਼ਨ ਸਬੰਧੀਂ ਬਚਾਅ ਕਾਰਜਾਂ ਲਈ ਰੱਸੇ ਲਗਾਉਣ ਦੀ ਡਿਊਟੀ ਨਿਭਾਈ ਜਾ ਰਹੀ ਸੀ। ਇਸ ਦੌਰਾਨ ਅਚਾਨਕ ਕਿਸ਼ਤੀ ਪਲਟ ਗਈ ਅਤੇ ਸਲੀਮ ਖ਼ਾਨ ਕਰੀਬ ਬਾਅਦ ਦੁਪਹਿਰ ਕਰੀਬ 3.20 ‘ਤੇ ਸ਼ਹਾਦਤ ਦਾ ਜਾਮ ਪੀ ਗਿਆ।