ਬਲਵਿੰਦਰ ਰੈਤ
ਨੂਰਪੁਰ ਬੇਦੀ, 20 ਜਨਵਰੀ
ਮਿੱਟੀ ਏਡ ਸੰਸਥਾ ਵੱਲੋਂ ਅੱਜ ਪਿੰਡ ਝੱਜ ਵਿਚ ਕਿਸਾਨੀ ਅੰਦੋਲਨ ਦੇ ਸ਼ਹੀਦ 750 ਤੋਂ ਵੱਧ ਕਿਸਾਨਾਂ ਦੀ ਯਾਦਗਾਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਸੰਸਥਾ ਦੇ ਸੰਸਥਾਪਕ ਅਜੀਤਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ ਸੱਤ ਮੰਜ਼ਿਲਾ ਸੌ ਫੁੱਟ ਉੱਚਾ ਸ਼ਹੀਦੀ ਸਮਾਰਕ ਬਣਾਇਆ ਜਾਵੇਗਾ ਜਿਸ ਦੀ ਹਰ ਮੰਜ਼ਿਲ ’ਤੇ ਕਿਸਾਨੀ ਅੰਦੋਲਨ ਦੀਆਂ ਯਾਦਾਂ ਤੇ ਸਭ ਤੋਂ ਉਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਇਸ ਮੌਕੇ ਗਾਇਕ ਪੰਮਾ ਡੂਮੇਵਾਲੀਆ, ਪੱਤਰਕਾਰ ਗੌਰਵ ਰਾਣਾ ਤੇ ਕਿਸਾਨ ਆਗੂ ਧਰਮਪਾਲ ਸੈਣੀ ਨੂੰ ਸੰਸਥਾ ਦਾ ਮੈਂਬਰ ਨਿਯੁਕਤ ਕੀਤਾ।
ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਅਜੀਤਪਾਲ ਕੋਲ ਸਿਰਫ ਅੱਠ ਮਰਲੇ ਜ਼ਮੀਨ ਸੀ ਜਿਸ ਤੋਂ ਬਾਅਦ ਉਸ ਨੇ ਕਰੀਬ ਪੌਣੇ ਤਿੰਨ ਕਨਾਲ ਜ਼ਮੀਨ ਖਰੀਦ ਕੇ ਇਸ ਯਾਦਗਾਰ ਨੂੰ ਸੰਗਤ ਦੇ ਸਹਿਯੋਗ ਨਾਲ ਸਥਾਪਤ ਕਰਨ ਦਾ ਬੀੜਾ ਚੁੱਕਿਆ। ਅਜੀਤਪਾਲ ਨੇ ਇਕ ਸਾਲ ਤੱਕ ਦਿੱਲੀ ਬਾਰਡਰ ’ਤੇ ਨਿਸ਼ਕਾਮ ਬਜ਼ੁਰਗਾਂ ਦੀ ਸੇਵਾ ਤੇ ਜੋੜੇ ਪਾਲਿਸ਼ ਕਰਨ ਦੀ ਸੇਵਾ ਕੀਤੀ। ਇਸ ਮੌਕੇ ਪਿੰਡ ਝੱਜ ਦੇ ਵਸਨੀਕਾਂ ਤੇ ਬੀਬੀਆਂ ਨੇ ਇੱਥੇ ਕਾਰ ਸੇਵਾ ਕਰਨ ਦਾ ਵੀ ਫ਼ੈਸਲਾ ਕੀਤਾ। ਅਜੀਤਪਾਲ ਸਿੰਘ ਨੇ ਐਲਾਨ ਕੀਤਾ ਕਿ ਇੱਥੇ ਧਾਰਮਿਕ ਸਮਾਗਮ ਕਰਵਾ ਕੇ ਯਾਦਗਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਜਦੋਂ ਤਕ ਇਹ ਯਾਦਗਾਰ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਉਦੋਂ ਤੱਕ ਇੱਥੇ ਸਹਿਜ ਪਾਠ ਜਾਰੀ ਰਹੇਗਾ।