ਪੱਤਰ ਪ੍ਰੇਰਕ
ਪਠਾਨਕੋਟ, 5 ਅਗਸਤ
ਇੱਥੇ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ਨੇੜਲੀਆਂ ਡਮਟਾਲ ਦੀਆਂ ਪਹਾੜੀਆਂ ਵਿੱਚ ਅੱਜ ਬਰਸਾਤ ਨਾਲ ਡਿੱਗੇ ਮਲਬੇ ਉਪਰ ਜ਼ਿੰਦਾ ਹੈਂਡ ਗ੍ਰਨੇਡ ਮਿਲਿਆ ਹੈ। ਇਸ ਦੀ ਸੂਚਨਾ ਮਿਲਦੇ ਸਾਰ ਹੀ ਡਮਟਾਲ ਦੇ ਐੱਸਐੱਚਓ ਰਾਮੇਸ਼ ਚੰਦਰ ਨੇ ਨੈਸ਼ਨਲ ਹਾਈਵੇਅ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਹੈਂਡ ਗ੍ਰਨੇਡ ਨੇੜੇ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ। ਉਧਰ, ਪਠਾਨਕੋਟ ਪੁਲੀਸ ਥਾਣਾ ਡਿਵੀਜ਼ਨ ਨੰਬਰ 2 ਦੇ ਮੁਖੀ ਨਵਦੀਪ ਸ਼ਰਮਾ ਮੌਕੇ ’ਤੇ ਪੁੱਜੇ ਅਤੇ ਉਹ ਵੀ ਹਿਮਾਚਲ ਪੁਲੀਸ ਨਾਲ ਜਾਂਚ ਵਿੱਚ ਜੁਟ ਗਏ। ਹੈਂਡ ਗ੍ਰਨੇਡ ਚੀਨੀ ਦੱਸਿਆ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਵੱਲੋਂ ਕਿਆਸ ਲਗਾਇਆ ਜਾ ਰਿਹਾ ਹੈ ਕਿ ਕਈ ਸਾਲ ਪਹਿਲਾਂ ਇਥੇ ਪਹਾੜੀਆਂ ਵਿੱਚ ਅਤਿਵਾਦੀ ਲੁਕੇ ਹੋਏ ਸਨ, ਜਿਨ੍ਹਾਂ ਦੀ ਮੁਠਭੇੜ ਵੀ ਹੋਈ ਸੀ। ਫੋਰੈਂਸਿਕ ਮਾਹਿਰ ਇਸ ਮਾਮਲੇ ਦੀ ਜਾਂਚ ਕਰਨਗੇ।