ਪੱਤਰ ਪ੍ਰੇਰਕ
ਸ਼ੇਰਪੁਰ, 8 ਜੁਲਾਈ
ਪਿੰਡ ਹੇੜੀਕੇ ਵਿੱਚ ਅੱਜ ਖੇਤਾਂ ਵਿਚਲੇ ਐੱਨਆਰਆਈ ਦੇ ਘਰੋਂ ਗ੍ਰਨੇਡ ਮਿਲਿਆ ਹੈ, ਜਿਸ ਤੋਂ ਬਾਅਦ ਪੁਲੀਸ ਨੇ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ, ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਜਾਣਕਾਰੀ ਅਨੁਸਾਰ ਹੇੜੀਕੇ ਦੇ ਖੇਤਾਂ ਵਿੱਚ ਨਿਰਭੈ ਸਿੰਘ ਦਾ ਘਰ ਹੈ ਜੋ ਆਪਣੇ ਮਾਤਾ ਪਿਤਾ ਨਾਲ ਇਸ ਘਰ ਵਿੱਚ ਰਹਿੰਦਾ ਹੈ ਅਤੇ ਜਿਸਦਾ ਇੱਕ ਭਰਾ ਮਲਕੀਤ ਸਿੰਘ ਵਿਦੇਸ਼ ਰਹਿੰਦਾ ਹੈ। ਸਰਚ ਅਪਰੇਸ਼ਨ ਵਿੱਚ ਸਥਾਨਕ ਪੁਲੀਸ ਤੇ ਖੰਨਾ ਪੁਲੀਸ ਦੇ ਅਧਿਕਾਰੀ ਸ਼ਾਮਲ ਸਨ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪ੍ਰਸ਼ਾਸਨ, ਸਿਹਤ ਵਿਭਾਗ ਸਮੇਤ ਕੁਝ ਹੋਰ ਟੀਮਾਂ ਪੁੱਜੀਆਂ ਹੋਈਆਂ ਹਨ। ਸੂਤਰਾਂ ਅਨੁਸਾਰ ਇਹ ਗ੍ਰਨੇਡ ਖੰਨਾ ਪੁਲੀਸ ਵੱਲੋਂ ਫੜੇ ਵਿਅਕਤੀਆਂ ਵੱਲੋਂ ਕੀਤੇ ਅਹਿਮ ਖੁਲਾਸੇ ਮਗਰੋਂ ਬਰਾਮਦ ਕੀਤਾ ਗਿਆ। ਐੱਸਐੱਸਪੀ ਸੰਗਰੂਰ ਵਿਵੇਕਸ਼ੀਲ ਸੋਨੀ ਨੇ ਸੰਪਰਕ ਕਰਨ ’ਤੇ ਸਿਰਫ ਗ੍ਰਨੇਡ ਫੜ੍ਹੇ ਜਾਣ ਦੀ ਪੁਸ਼ਟੀ ਹੀ ਕੀਤੀ।