ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਨਵੰਬਰ
ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਦੀ ਸਿਆਸਤ ਵਿਚ ਤੀਜੇ ਬਦਲ ਨੂੰ ਉਭਾਰਨ ਲਈ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਚ ਮੀਟਿੰਗ ਹੋਈ। ਤਿੰਨ ਘੰਟੇ ਤੋਂ ਵੀ ਵੱਧ ਸਮਾਂ ਚੱਲੀ ਇਸ ਮੀਟਿੰਗ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਕੋਲੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕਰਨੈਲ ਸਿੰਘ ਪੀਰਮੁਹੰਮਦ, ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ, ਨਰੇਗਾ ਵਰਕਰ ਫਰੰਟ ਇੰਡੀਆ ਦੇ ਪ੍ਰਧਾਨ ਰੇਸ਼ਮ ਸਿੰਘ ਕਾਹਲੋਂ, ਸਮਾਜਿਕ ਸੁਰੱਖਿਆ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਤੇ ਹੋਰ ਆਗੂਆਂ ਨੇ ਦੱਸਿਆ ਕਿ ਮਹਾਗੱਠਜੋੜ ਦੀ ਅਗਵਾਈ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤੀ ਜਾਵੇਗੀ।