ਪਾਲ ਸਿੰਘ ਨੌਲੀ
ਜਲੰਧਰ, 12 ਸਤੰਬਰ
ਇੱਥੋਂ ਥੋੜ੍ਹੀ ਦੂਰ ਪਿੰਡ ਤਾਜਪੁਰ ਦੀ ਚਰਚ ’ਚ ਕੈਂਸਰ ਪੀੜਤ ਬੱਚੀ ਦੀ ਦੇਰ ਰਾਤ ਮੌਤ ਹੋ ਗਈ। ਲਾਂਬੜਾ ਪੁਲੀਸ ਅਨੁਸਾਰ ਚਾਰ ਸਾਲਾ ਬੱਚੀ ਦਾ ਇਲਾਜ ਦਿੱਲੀ ਦੇ ਏਮਜ਼ ਹਸਪਤਾਲ ’ਚ ਚੱਲ ਰਿਹਾ ਸੀ। ਪੀੜਤ ਬੱਚੀ ਦੇ ਮਾਪੇ ਉਸ ਨੂੰ ਤਾਜਪੁਰ ਦੀ ਚਰਚ ਵਿੱਚ ਇਸ ਉਮੀਦ ਨਾਲ ਲਿਆਏ ਸਨ ਕਿ ਇੱਥੇ ਬੱਚੀ ਠੀਕ ਹੋ ਜਾਵੇਗੀ। ਮਾਪਿਆਂ ਨੇ ਦੱਸਿਆ ਸੀ ਕਿ ਉਨ੍ਹਾਂ ਕੋਲੋਂ ਕਦੇ 15,000 ਰੁਪਏ ਤੇ ਕਦੇ 50,000 ਰੁਪਏ ਮੰਗੇ ਗਏ। ਮ੍ਰਿਤਕ ਬੱਚੀ ਤਨੀਸ਼ਾ ਦੇ ਮਾਪਿਆਂ ਨੇ ਵੀਡੀਓ ਕਲਿੱਪ ਵਿੱਚ ਸਾਰਾ ਕੁਝ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੱਚੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਧੱਕੇ ਮਾਰ ਕੇ ਚਰਚ ’ਚੋਂ ਬਾਹਰ ਕੱਢ ਦਿੱਤਾ ਗਿਆ। ਇਸ ਬੱਚੀ ਦੀ ਲੰਘੀ ਸ਼ਾਮ ਨੂੰ ਉਸ ਵੇਲੇ ਮੌਤ ਹੋ ਗਈ ਜਦੋਂ ਤਾਜਪੁਰ ਚਰਚ ਦਾ ਪਾਦਰੀ ਪ੍ਰਾਰਥਨਾ ਸਭਾ ਤੇ ਇਲਾਜ ਸੈਸ਼ਨ ਸ਼ੁਰੂ ਕਰਨ ਜਾ ਰਿਹਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਬੱਚੀ ਦਾ ਇਲਾਜ ਕਰਵਾਉਣ ਲਈ ਨੌਂ ਮਹੀਨਿਆਂ ਤੋਂ ਇਸ ਚਰਚ ਵਿਚ ਆ ਰਹੇ ਸਨ। ਲਾਂਬੜਾ ਥਾਣੇ ਦੇ ਐੱਸਐੱਚਓ ਅਮਨ ਸੈਣੀ ਨੇ ਦੱਸਿਆ ਕਿ ਲੜਕੀ ਪਿਛਲੇ ਦੋ ਸਾਲਾਂ ਤੋਂ ਕੈਂਸਰ ਤੋਂ ਪੀੜਤ ਸੀ। ਉਸ ਨੂੰ ਕੀਮੋਥੈਰੇਪੀ ਵੀ ਦਿੱਤੀ ਗਈ ਪਰ ਹੁਣ ਉਸ ਦੇ ਅੰਗ ਫੇਲ੍ਹ ਹੋ ਚੁੱਕੇ ਸਨ। ਡਾਕਟਰਾਂ ਨੇ 5 ਸਤੰਬਰ ਨੂੰ ਦੱਸਿਆ ਸੀ ਕਿ ਬੱਚੀ ਨੂੰ ਬਚਾਇਆ ਨਹੀਂ ਜਾ ਸਕਦਾ। ਪੀੜਤ ਪਰਿਵਾਰ ਨੇ ਦੱਸਿਆ ਸੀ ਕਿ ਉਨ੍ਹਾਂ ਇੱਕ ਸਾਲ ਪਹਿਲਾਂ ਕੁਝ ਵੀਡੀਓ ਦੇਖੇ ਸਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੈਂਸਰ ਦੇ ਮਰੀਜ਼ ਇੱਥੇ ਠੀਕ ਹੋ ਰਹੇ ਹਨ।
ਪਾਦਰੀ ਬਜਿੰਦਰ ਸਿੰਘ ਦੇ ਆਪਣੇ ਫੇਸਬੁੱਕ ਪੇਜ ’ਤੇ ਐਤਵਾਰ ਪ੍ਰਾਰਥਨਾ ਸਭਾ ਦੀਆਂ ਤਸਵੀਰਾਂ ਜਾਰੀ ਕੀਤੀਆਂ। ਜਦੋਂ ਪਾਦਰੀ ਦੇ ਫੇਸਬੁਕ ਪੇਜ ’ਤੇ ਦਿੱਤੇ ਫੋਨ ਨੰਬਰ ’ਤੇ ਗੱਲ ਕੀਤੀ ਤਾਂ ਇੱਕ ਔਰਤ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਪ੍ਰਾਰਥਨਾ ਲਈ ਕੋਈ ਪੈਸਾ ਮੰਗਿਆ ਜਾਂਦਾ ਹੈ।