ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਮਾਰਚ
ਅੰਗਰੇਜ਼ਾਂ ਵੇਲੇ ਦੀ ਬਣੀ ਸਰਕਟ ਹਾਊਸ ਦੀ ਇਮਾਰਤ ਵਾਲੇ ਕੰਪਲੈਕਸ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਚਾਰ ਤਾਰਾ ਹੋਟਲ ਇਮਾਰਤ ਦੇ ਨਿਰਮਾਣ ਲਈ ਸਾਰੇ ਅੜਿੱਕੇ ਦੂਰ ਹੋ ਗਏ ਹਨ। ਹੁਣ ਇਹ ਯੋਜਨਾ ਸਰਕਾਰੀ-ਨਿੱਜੀ ਭਾਈਵਾਲੀ ਤਹਿਤ ਸਿਰੇ ਚੜ੍ਹੇਗੀ।
ਇਸ ਕੰਪਲੈਕਸ ਵਿੱਚ ਪੁਰਾਤਨ ਇਮਾਰਤ ਦੇ ਅੱਠ ਕਮਰਿਆਂ ਦੇ ਢਾਂਚੇ ਨੂੰ ਜਿਵੇਂ ਦਾ ਤਿਵੇਂ ਰੱਖਿਆ ਜਾੇਗਾ ਜਦੋਂਕਿ ਨਵੀਂ ਇਮਾਰਤ ਅਤਿ-ਆਧੁਨਿਕ ਹੋਵੇਗੀ। ਲਗਪਗ 23 ਕਰੋੜ ਰੁਪਏ ਦੀ ਇਸ ਯੋਜਨਾ ਨੂੰ 2015 ਵਿਚ ਸ਼ੁਰੂ ਕੀਤਾ ਗਿਆ ਸੀ। ਇਮਾਰਤ ਦਾ ਕੁਝ ਢਾਂਚਾ ਬਣ ਕੇ ਤਿਆਰ ਹੋ ਚੁੱਕਾ ਹੈ, ਜਿਸ ’ਤੇ ਲਗਪਗ 11 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਹੁਣ ਸਰਕਾਰ ਵੱਲੋਂ ਇਸ ਇਮਾਰਤ ਨੂੰ ਮੁਕੰਮਲ ਕਰਨ ਅਤੇ ਚਾਲੂ ਕਰਨ ਲਈ ਸਰਕਾਰੀ ਨਿੱਜੀ-ਭਾਈਵਾਲੀ ਦੀ ਯੋਜਨਾ ਬਣਾਈ ਗਈ ਹੈ।
ਪੰਜਾਬ ਮੁੱਢਲਾ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਨੇ ਇਸ ਇਮਾਰਤ ਨੂੰ ਬਣਾਉਣ, ਚਲਾਉਣ ਅਤੇ ਅੱਗੇ ਦੇਣ ਦਾ ਇਹ ਕੰਮ ਦੋ ਵੱਖ-ਵੱਖ ਕੰਪਨੀਆਂ ਨੂੰ ਸੌਂਪਿਆ ਹੈ, ਜਿਨ੍ਹਾਂ ਵਿੱਚ ਇੱਕ ਨਿੱਜੀ ਹੋਟਲ ਚੇਨ ਸਰੋਵਰ ਹੋਟਲਜ਼ ਪ੍ਰਾਈਵੇਟ ਲਿਮਿਟਡ ਸ਼ਾਮਲ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਨਿੱਜੀ ਕੰਪਨੀਆਂ ਇਸ ਹੋਟਲ ਇਮਾਰਤ ਦੇ ਠੇਕੇ ਵਜੋਂ ਸਰਕਾਰ ਨੂੰ ਹਰ ਸਾਲ ਇਕ ਕਰੋੜ ਪੰਜ ਲੱਖ ਰੁਪਏ ਦੇਣਗੀਆਂ। ਇਸ ਸਬੰਧੀ 30 ਸਾਲਾਂ ਲਈ ਸਮਝੌਤਾ ਕੀਤਾ ਗਿਆ ਹੈ, ਜਿਸ ਵਿੱਚ ਹਰ ਸਾਲ ਪੰਜ ਫੀਸਦ ਠੇਕਾ ਰਕਮ ਵਿੱਚ ਵਾਧਾ ਹੋਵੇਗਾ।
ਪੀਆਈਡੀਬੀ ਦੇ ਸਹਾਇਕ ਜਨਰਲ ਮੈਨੇਜਰ ਦਵਿੰਦਰ ਬਜਾਜ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੁਰਾਤਨ ਇਮਾਰਤ ਦੇ ਢਾਂਚੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ ਅਤੇ ਉਸ ਦੀ ਪੁਰਾਤਨਤਾ ਨੂੰ ਕਾਇਮ ਰੱਖਿਆ ਜਾਵੇਗਾ। ਨਵੀਂ ਇਮਾਰਤ ਵੱਖਰੀ ਹੋਵੇਗੀ। ਇਹ ਕੰਪਨੀਆਂ ਇਸ ਪੁਰਾਤਨ ਇਮਾਰਤ ਦੀ ਸਾਂਭ-ਸੰਭਾਲ ਵੀ ਕਰਨਗੀਆਂ।