ਪੱਤਰ ਪ੍ਰੇਰਕ
ਪਠਾਨਕੋਟ, 19 ਜੁਲਾਈ
ਰਣਜੀਤ ਸਾਗਰ ਡੈਮ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਮੀਂਹ ਪੈਣ ਨਾਲ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਡੈਮ ਪ੍ਰਸ਼ਾਸਨ ਨੇ ਅੱਜ ਸਪਿਲਵੇਅ ਦਾ ਇੱਕ ਫਲੱਡ ਗੇਟ ਖੋਲ੍ਹ ਕੇ 6 ਹਜ਼ਾਰ ਕਿਊਸਿਕ ਪਾਣੀ ਛੱਡ ਦਿੱਤਾ। ਡੈਮ ਦੀ ਝੀਲ ਵਿੱਚ ਹਿਮਾਚਲ ਪ੍ਰਦੇਸ਼ ਦੇ ਚਮੇਰਾ ਪ੍ਰਾਜੈਕਟ ਦੀ ਤਰਫੋਂ ਅੱਜ 69 ਹਜ਼ਾਰ ਕਿਊਸਿਕ ਪਾਣੀ ਸਵੇਰ ਵੇਲੇ ਦਾਖ਼ਲ ਹੋਇਆ, ਜਿਸ ਨਾਲ ਪਾਣੀ ਦਾ ਪੱਧਰ ਵਧ ਗਿਆ। ਇਸ ਮਗਰੋਂ ਡੈਮ ਦੇ ਅਧਿਕਾਰੀਆਂ ਦੀ ਬਣੀ ਹੋਈ ਰੈਗੂਲੇਟਿੰਗ ਕਮੇਟੀ ਨੇ ਚੀਫ ਇੰਜਨੀਅਰ ਸ਼ੇਰ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਅਤੇ ਡੈਮ ਪ੍ਰਾਜੈਕਟ ’ਤੇ ਬਣੇ ਹੋਏ 7 ਗੇਟਾਂ ਵਿੱਚੋਂ ਇੱਕ ਗੇਟ ਨੂੰ ਇੱਕ ਮੀਟਰ ਖੋਲ੍ਹਣ ਦਾ ਫੈਸਲਾ ਲੈ ਲਿਆ। ਬਾਅਦ ਦੁਪਹਿਰ 1:00 ਵਜੇ ਇੱਕ ਮੀਟਰ ਗੇਟ ਖੋਲ੍ਹ ਕੇ 6 ਹਜ਼ਾਰ ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਮਾਧੋਪੁਰ ਤੋਂ ਰਾਵੀ ਦਰਿਆ ਵਿੱਚ 14 ਹਜ਼ਾਰ 750 ਕਿਊਸਿਕ ਪਾਣੀ ਛੱਡਿਆ ਗਿਆ ਹੈ।