ਫ਼ਤਹਿਗੜ੍ਹ ਸਾਹਿਬ: ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਵਿਚ ਡਾ. ਗੁਰਨਾਮ ਸਿੰਘ ਦੀ ਸੋਜ਼ਮਈ ਆਵਾਜ ਵਿਚ ਗਾਈ ਹੋਈ ਅੱਲ੍ਹਾ ਯਾਰ ਖ਼ਾਂ ਜੋਗੀ ਦੁਆਰਾ ਰਚਿਤ ਪੁਸਤਕ ‘ਸ਼ਹੀਦਾਨਿ-ਵਫ਼ਾ’ ’ਤੇ ਆਧਾਰਤ ਤਿਆਰ ਕੀਤੀ ਸੰਗੀਤਮਈ ਫ਼ਿਲਮ ਦਿਖਾਈ ਗਈ। ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਨੇ ਕੀਤੀ। ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਸੰਗੀਤਮਈ ਫ਼ਿਲਮ ‘ਸ਼ਹੀਦਾਨਿ ਵਫ਼ਾ’ ਦਾ ਮਨੋਰਥ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚਾਉਣਾ ਹੈ। ਸਮਾਗਮ ਦੀ ਆਰੰਭਤਾ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਕੀਤੀ। ਡਾ. ਪ੍ਰਿਤਪਾਲ ਸਿੰਘ ਨੇ ਡਾ. ਗੁਰਨਾਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਡਾ. ਅੰਮ੍ਰਿਤਪਾਲ ਕੌਰ ਦਾ ਸਨਮਾਨ ਕੀਤਾ। ਸੰਗੀਤ ਵਿਭਾਗ ਦੇ ਇੰਚਾਰਜ ਪ੍ਰੋ. ਹਰਪ੍ਰੀਤ ਸਿੰਘ ਨੇ ਸਮਾਗਮ ਵਿਚ ਸ਼ਾਮਲ ਪਤਵੰਤਿਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ