ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਜਨਵਰੀ
ਸਾਲ 1989 ਵਿਚ ਪੱਛਮੀ ਬੰਗਾਲ ਦੇ ਰਾਣੀਗੰਜ ਇਲਾਕੇ ਦੀ ਕੋਲਾ ਖਾਣ ਵਿਚ ਫਸੇ ਮਜ਼ਦੂਰਾਂ ਦੀ ਜਾਨ ਬਚਾਉਣ ਵਾਲੇ ਇੰਜਨੀਅਰ ਮਰਹੂਮ ਜਸਵੰਤ ਸਿੰਘ ਗਿੱਲ ਦੇ ਜੀਵਨ ’ਤੇ ਆਧਾਰਿਤ ਬੌਲੀਵੁੱਡ ਫਿਲਮ ਬਣਾਈ ਜਾ ਰਹੀ ਹੈ। ਉਨ੍ਹਾਂ ਉਸ ਵੇਲੇ ਆਪਣੀ ਸੂਝ-ਬੂਝ ਨਾਲ ਖਾਣ ਵਿਚ ਫਸੇ 65 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ।
ਇਸ ਫਿਲਮ ਵਿਚ ਸ੍ਰੀ ਗਿੱਲ ਦਾ ਕਿਰਦਾਰ ਨਿਭਾਉਣ ਲਈ ਤਿੰੰਨ ਪ੍ਰਮੁੱਖ ਅਦਾਕਾਰਾਂ ਅਕਸ਼ੈ ਕੁਮਾਰ, ਅਜੈ ਦੇਵਗਨ ਅਤੇ ਵਿੱਕੀ ਕੌਸ਼ਲ ਨਾਲ ਗੱਲਬਾਤ ਵੀ ਚੱਲ ਰਹੀ ਹੈ।
ਸ੍ਰੀ ਗਿੱਲ ਦੀ 26 ਨਵੰਬਰ 2019 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਵੱਲੋਂ ਦਿਖਾਈ ਇਸ ਬਹਾਦਰੀ ਦੇ ਕਾਰਨਾਮੇ ਲਈ ਰਾਸ਼ਟਰਪਤੀ ਆਰ ਵੈਂਕਟਾਰਮਨ ਵੱਲੋਂ 1991 ਵਿਚ ਸਰਵੋਤਮ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਆ ਗਿਆ ਸੀ। ਹੁਣ ਸ੍ਰੀ ਗਿੱਲ ਦੀ ਯਾਦ ਵਿਚ ਸਥਾਨਕ ਮਜੀਠਾ ਰੋਡ ’ਤੇ ਇਕ ਸੜਕ ਦਾ ਨਾਮ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ। ਮਿਲੇ ਵੇਰਵਿਆਂ ਮੁਤਾਬਕ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਇਹ ਫਿਲਮ ਵੱਡੇ ਪਰਦੇ ’ਤੇ ਬਣਾਉਣ ਲਈ ਰਸਮੀ ਤੌਰ ’ਤੇ ਪਰਿਵਾਰ ਅਤੇ ਫਿਲਮ ਨਿਰਮਾਤਾ ਕੰਪਨੀ ਵਿਚਾਲੇ ਸਮਝੌਤਾ ਹੋ ਚੁੱਕਾ ਹੈ।
ਇਸ ਸਬੰਧ ਵਿਚ ਮਰਹੂਮ ਸ੍ਰੀ ਗਿੱਲ ਦੇ ਪੁੱਤਰ ਡਾ. ਸਰਵਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਫਿਲਮ ਨੂੰ ਬਣਾਉਣ ਲਈ ਪਰਿਵਾਰ ਵੱਲੋਂ ਸਾਰੇ ਲੋੜੀਂਦੇ ਹੱਕ ਫਿਲਮ ਕੰਪਨੀ ਨੂੰ ਸੌਂਪ ਦਿੱਤੇ ਗਏ ਹਨ। ਇਸ ਸਬੰਧ ਵਿਚ ਫਿਲਮ ਨਿਰਮਾਤਾ ਧਰਮੇਂਦਰ ਸੁਰੇਸ਼ ਦੇਸਾਈ ਨਾਲ ਗੱਲਬਾਤ ਹੋ ਗਈ ਹੈ।
ਇੰਜ. ਜਸਵੰਤ ਸਿੰਘ ਗਿੱਲ ਦਾ ਜਨਮ 22 ਨਵੰਬਰ 1939 ਵਿਚ ਪਿੰਡ ਸਠਿਆਲਾ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲੀ ਵਿਦਿਆ ਖ਼ਾਲਸਾ ਸਕੂਲ ਅਤੇ ਬੀਐਸਸੀ ਖਾਲਸਾ ਕਾਲਜ ਤੋਂ ਕੀਤੀ ਸੀ। ਇਸ ਲਈ ਫਿਲਮ ਦਾ ਇੱਕ ਹਿੱਸਾ ਅੰਮ੍ਰਿਤਸਰ ਵਿੱਚ ਵੀ ਫਿਲਮਾਇਆ ਜਾਵੇਗਾ। ਇਸ ਫਿਲਮ ਦੀ ਸ਼ੂਟਿੰਗ ਪੱਛਮੀ ਬੰਗਾਲ ਦੇ ਸਬੰਧਿਤ ਇਲਾਕੇ ਅਤੇ ਝਾਰਖੰਡ ਸਥਿਤ ਇੰਡੀਅਲ ਸਕੂਲ ਆਫ ਮਾਈਨਜ਼ ਵਿਚ ਹੋਵੇਗੀ।
ਕੈਪਸੂਲ ਗਿੱਲ ਦੇ ਨਾਂ ਨਾਲ ਪ੍ਰਸਿੱਧ ਹੋਈ ਤਕਨੀਕ
ਇੰਜ. ਗਿੱਲ ਨੇ ਕੋਲ ਇੰਡੀਆ ਲਿਮਿਟਡ ਵਿਚ ਬਤੌਰ ਇੰਜਨੀਅਰ ਨੌਕਰੀ ਕੀਤੀ ਸੀ ਅਤੇ ਉਸ ਵੇਲੇ ਕੋਲੇ ਦੀਆਂ ਖਾਣਾਂ ਸਰਕਾਰ ਕੋਲ ਹੁੰਦੀਆਂ ਸਨ। 13 ਨਵੰਬਰ 1989 ਵਿਚ ਰਾਣੀਗੰਜ ਵਿਚ ਕੋਲੇ ਦੀ ਖਾਣ ਪਾਣੀ ਨਾਲ ਭਰਨ ਕਾਰਨ 71 ਵਰਕਰ ਫਸ ਗਏ ਸਨ। ਸ੍ਰੀ ਗਿੱਲ ਨੇ ਇਕ ਕੈਪਸੂਲ ਰੂਪੀ ਡੱਬਾ ਤਿਆਰ ਕੀਤਾ। ਮਜ਼ਦੂਰਾਂ ਦੇ ਫਸੇ ਹੋਣ ਵਾਲੀ ਥਾਂ ਕੋਲ ਬੋਰ ਕਰ ਕੇ 65 ਵਰਕਰਾਂ ਦੀ ਜਾਨ ਬਚਾਈ ਸੀ। ਇਹ ਤਕਨੀਕ ਕੈਪਸੂਲ ਗਿੱਲ ਦੇ ਨਾਂਅ ਨਾਲ ਮਸ਼ਹੂਰ ਹੋ ਗਈ ਸੀ।