ਲਖਵਿੰਦਰ ਸਿੰਘ
ਮਲੋਟ, 5 ਅਪਰੈਲ
ਨੇੜਲੇ ਪਿੰਡ ਕਰਮਗੜ੍ਹ ਤੋਂ ਰੱਤੇ ਟਿੱਬੇ ਗਈ ਬਰਾਤ ਦੀ ਇੱਕ ਕਾਰ ਵਾਪਸੀ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਪਿਓ-ਪੁੱਤ ਦੀ ਮੌਤ ਹੋ ਗਈ ਅਤੇ ਤਿੰਨ ਔਰਤਾਂ ਸਣੇ ਛੇ ਜ਼ਖ਼ਮੀ ਹੋ ਗਏ। ਇਸ ਕਾਰ ਵਿੱਚ ਚਾਰ ਬੱਚਿਆਂ ਸਮੇਤ ਕੁੱਲ ਅੱਠ ਜਣੇ ਸਵਾਰ ਸਨ। ਡਰਾਈਵਰ ਜਤਿੰਦਰ ਸਿੰਘ ਅਤੇ ਉਸ ਦੇ ਪੁੱਤਰ ਬਾਵਾ ਸਿੰਘ (10 ਸਾਲ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੂਪਾਂ ਰਾਣੀ, ਯਾਦਵਿੰਦਰ ਸਿੰਘ, ਜਲੰਧਰ ਸਿੰਘ, ਸਾਹਿਬ ਸਿੰਘ, ਸਿਮਰਨ ਕੌਰ ਅਤੇ ਮਨਿੰਦਰ ਕੌਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫਰ ਕੀਤਾ ਗਿਆ ਹੈ। ਇਹ ਹਾਦਸਾ ਪਿੰਡ ਮੋਹਲਾਂ ਦੇ ਭੱਠੇ ਨੇੜੇ ਵਾਪਰਿਆ। ਪ੍ਰਤੱਖਦਰਸ਼ੀਆਂ ਅਨੁਸਾਰ ਇੱਟਾਂ ਦੀ ਭਰੀ ਇਕ ਟਰਾਲੀ ਸਾਈਡ ’ਤੇ ਖੜ੍ਹੀ ਸੀ। ਬਰਾਤੀਆਂ ਨੂੰ ਲੈ ਕੇ ਜਾ ਰਹੀ ਸਵਿਫਟ ਕਾਰ ਟਰਾਲੀ ਦੇ ਹੇਠਾਂ ਚਲੀ ਗਈ। ਉਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਕਾਫ਼ੀ ਮੁਸ਼ੱਕਤ ਮਗਰੋਂ ਬਾਹਰ ਕੱਢਿਆ।