ਜੋਗਿੰਦਰ ਸਿੰਘ ਮਾਨ
ਮਾਨਸਾ, 27 ਮਾਰਚ
ਦਿੱਲੀ ਦੇ ਕਿਸਾਨ ਮੋਰਚੇ ਦੌਰਾਨ ਗਰਮੀ ਤੋਂ ਬਚਾਅ ਲਈ ਝੂੰਬਾ ਪਾ ਰਿਹਾ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦਾ ਕਿਸਾਨ ਬਘੇਲ ਸਿੰਘ ਉਸ ਵੇਲੇ ਜਖ਼ਮੀ ਹੋ ਗਿਆ, ਜਦੋਂ ਲੱਕੜ ਕੱਟਣ ਵਾਲਾ ਕਟਰ ਹੱਥ ’ਚੋਂ ਨਿਕਲਕੇ ਉਸ ਦੀ ਲੱਤ ਵਿੱਚ ਜਾ ਲੱਗਿਆ। ਕਿਸਾਨ ਬੇਘਲ ਸਿੰਘ ਦੀ ਲੱਤ ਵਿੱਚ ਕਟਰ ਨੇ ਡੂੰਘਾ ਜ਼ਖ਼ਮ ਕਰ ਦਿੱਤਾ, ਜਿਸ ਲਈ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੋਹਤਕ ਦੇ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ। ਉਹ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦਾ ਛੋਟਾ ਭਰਾ ਹੈ। ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਫੋਨ ਜ਼ਰੀਏ ਦੱਸਿਆ ਕਿ ਬਘੇਲ ਸਿੰਘ ਟਿਕਰੀ ਬਾਰਡਰ ’ਤੇ ਬਾਂਸ ਦਾ ਛੱਪਰ ਬਣਾ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਕਟਰ ਹੱਥ ਵਿਚੋਂ ਨਿਕਲਕੇ ਲੱਤ ਵਿੱਚ ਜਾ ਲੱਗਿਆ। ਲੱਤ ਦੀ ਹੱਡੀ ਕੱਟੀ ਗਈ, ਜਿਸ ਨੂੰ ਇਲਾਜ ਲਈ ਪਹਿਲਾਂ ਬਹਾਦਰਗੜ੍ਹ ਤੇ ਫਿਰ ਪੀਜੀਆਈ ਰੋਹਤਕ ਦਾਖ਼ਲ ਕਰਵਾਇਆ ਗਿਆ, ਜਿਥੇ ਉਸਦੀ ਹਾਲਤ ਡਾਕਟਰਾਂ ਵੱਲੋਂ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਤਿੰਨ ਦਿਨ ਪਹਿਲਾਂ ਹੀ ਦਿੱਲੀ ਮੋਰਚੇ ’ਚ ਆਇਆ ਸੀ ਤੇ ਵਾਰੋਂ-ਵਾਰੀ ਤਿੰਨੇ ਭਰਾ ਆਪਣਾ ਯੋਗਦਾਨ ਪਾਉਣ ਲਈ ਮੋਰਚੇ ’ਚ ਆਉਂਦੇ-ਜਾਂਦੇ ਰਹਿੰਦੇ ਹਨ।