ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਜੁਲਾਈ
ਸਾਬਕਾ ਆਈਜੀ ਅਤੇ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਨਾਂ ’ਤੇ ਵਟਸਐਪ ਉੱਤੇ ਜਾਅਲੀ ਖਾਤਾ ਬਣਾ ਕੇ ਲੋਕਾਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਇੱਕ ਵਿਅਕਤੀ ਨੇ ਇਸ ਸਬੰਧੀ ਵਿਧਾਇਕ ਕੋਲ ਪਹੁੰਚ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਵਿਧਾਇਕ ਦੇ ਦਫ਼ਤਰ ਸਕੱਤਰ ਅੰਸ਼ੂਮਨ ਖੰਨਾ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਸ਼ੂਮਨ ਨੇ ਦੱਸਿਆ ਕਿ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਨਾਂ ’ਤੇ ਇੱਕ ਜਾਅਲੀ ਵਟਸਐਪ ਅਕਾਊਂਟ ਬਣਾਇਆ ਗਿਆ ਹੈ, ਜਿਸ ’ਤੇ ਵਿਧਾਇਕ ਦੀ ਤਸਵੀਰ ਲਾਈ ਹੋਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਨੇ ਸਿਮਰਪ੍ਰੀਤ ਅਰੋੜਾ ਨਾਲ ਵੀਹ ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਕਰਨ ’ਤੇ ਪਤਾ ਲੱਗਿਆ ਹੈ ਕਿ ਇਹ ਖਾਤਾ ਸੁਰੇਸ਼ ਪੰਸਾਰੀ ਨਾਂ ਦੇ ਇਕ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਨੇ ਅਜਿਹਾ ਕਰਕੇ ਵਿਧਾਇਕ ਦੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਥਾਣਾ ਸਿਵਲ ਲਾਈਨ ਦੇ ਐੱਸਐੱਚਓ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਵਿਧਾਇਕ ਦੇ ਦਫ਼ਤਰ ਤੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਆਈਪੀਸੀ ਦੀ ਧਾਰਾ 420, 384, 500 ਹੇਠ ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 ਡੀ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਟੀਮ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।