ਦੇਵਿੰਦਰ ਸਿੰਘ ਜੱਗੀ
ਪਾਇਲ, 17 ਸਤੰਬਰ
ਥਾਣਾ ਪਾਇਲ ਦੇ ਪਿਛਲੇ ਪਾਸੇ ਪੈਂਦੇ ਡੂੰਘੇ ਟੋਭੇ ਵਿਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਪੁਲੀਸ ਮੁਲਾਜ਼ਮ ਬਚਾਉਣ ਵਿਚ ਕਾਮਯਾਬ ਰਿਹਾ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਕੁ ਵਜੇ ਥਾਣਾ ਪਾਇਲ ਦੇ ਪਿਛਲੇ ਪਾਸੇ ਸਥਿਤ ਟੋਭੇ ਵਿਚੋਂ ਆਪਣੀਆਂ ਮੱਝਾਂ ਨੂੰ ਬਾਹਰ ਕੱਢਣ ਲਈ ਗੁੱਜਰ ਬਰਾਦਰੀ ਦਾ ਫ਼ਤਹਿ ਮੁਹੰਮਦ (42) ਪੁੱਤਰ ਨੂਰ ਮੁਹੰਮਦ ਟੋਭੇ ਵਿਚ ਵੜ ਗਿਆ। ਜਦੋਂ ਉਹ ਟੋਭੇ ਦੇ ਵਿਚਕਾਰ ਗਿਆ ਤਾਂ ਟੋਭਾ ਜ਼ਿਆਦਾ ਡੂੰਘਾ ਹੋਣ ਕਾਰਨ ਉਹ ਪਾਣੀ ਵਿਚ ਡੁੱਬਣ ਲੱਗਾ। ਇਸੇ ਦੌਰਾਨ ਉਸ ਨੂੰ ਬਚਾਉਣ ਲਈ ਉਸ ਦੇ ਭਤੀਜੇ ਸੁਲੇਮਾਨ ਪੁੱਤਰ ਫ਼ਕੀਰ ਮੁਹੰਮਦ ਨੇ ਟੋਭੇ ਵਿਚ ਛਾਲ ਮਾਰ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਰੌਲਾ ਪਾਇਆ ਗਿਆ ਅਤੇ ਪੁਲੀਸ ਨੂੰ ਇਤਲਾਹ ਦਿੱਤੀ ਗਈ। ਇਸ ’ਤੇ ਐੱਸਐੱਚਓ ਜਸਪਾਲ ਸਿੰਘ ਧਾਲੀਵਾਲ ਪੁਲੀਸ ਪਾਰਟੀ ਨਾਲ ਘਟਨਾ ਸਥਾਨ ’ਤੇ ਪੁੱਜੇ ਅਤੇ ਥਾਣਾ ਮੁਖੀ ਦੇ ਡਰਾਈਵਰ ਮੁਲਾਜ਼ਮ ਗੁਰਪ੍ਰੀਤ ਸਿੰਘ ਜਰਗੜ੍ਹੀ ਨੇ ਹਵਾ ਨਾਲ ਭਰੀ ਟਿਊਬ ਅਤੇ ਰੱਸੇ ਰਾਹੀ ਦੋਵਾਂ ਵਿਅਕਤੀ ਨੂੰ ਬਚਾਉਣ ਲਈ ਜੱਦੋ-ਜਹਿਦ ਕੀਤੀ। ਦੋਵਾਂ ਨੂੰ ਟੋਭੇ ’ਚੋਂ ਬਾਹਰ ਕੱਢਿਆ ਗਿਆ। ਫ਼ਤਹਿ ਮੁਹੰਮਦ ਨੂੰ ਸਿਵਲ ਹਸਪਤਾਲ ਪਾਇਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਲੇਮਾਨ ਵਾਲ-ਵਾਲ ਬਚ ਗਿਆ। ਥਾਣੇਦਾਰ ਮੁਖਤਿਆਰ ਸਿੰਘ ਮੰਡੇਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਕੋਲੋਂ ਮ੍ਰਿਤਕ ਦਾ ਪੋਸਟਮਾਰਟਮ ਨਾ ਕਰਵਾਉਣ ਲਈ ਦਰਖ਼ਾਸਤ ਦੇ ਕੇ ਲਾਸ਼ ਪ੍ਰਾਪਤ ਕਰ ਲਈ ਹੈ, ਜਿਸ ਕਰਕੇ 174 ਦੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਟੋਭੇ ਵਿਚ ਡੁੱਬਦੇ ਵਿਅਕਤੀਆਂ ਨੂੰ ਬਾਹਰ ਕੱਢਣ ਦੀ ਥਾਂ ਲੋਕਾਂ ਵੱਲੋਂ ਵੀਡੀਓ ਬਣਾਉਣ ’ਤੇ ਜ਼ੋਰ ਦਿੱਤਾ ਗਿਆ।