ਸਰਬਜੋਤ ਿਸੰਘ/ਬਹਾਦਰ ਿਸੰਘ ਮਰਦਾਂਪੁਰ
ਕੁਰੂਕਸ਼ੇਤਰ/ਰਾਜਪੁਰਾ, 22 ਜੁਲਾਈ
ਅੰਬਾਲਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਨੌਂਗਜ਼ਾ ਪੀਰ ਦੇ ਸਾਹਮਣੇ ਅੱਜ ਸਵੇਰੇ ਵਾਪਰੇ ਹਾਦਸੇ ਵਿੱਚ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਿੰਕੂ ਸੇਤੀਆ ਤੇ ਉਸ ਦੀ ਪਤਨੀ ਸ਼ਾਲੂ ਸੇਤੀਆ ਵਾਸੀ ਰਾਜਪੁਰਾ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਲਈ ਐੱਲਐੱਨਜੇਪੀ ਹਸਪਤਾਲ ਕੁਰੂਕਸ਼ੇਤਰ ਭੇਜੀਆਂ ਹਨ। ਜਾਣਕਾਰੀ ਅਨੁਸਾਰ ਅੰਬਾਲਾ-ਅੰਮ੍ਰਿਤਸਰ ਮਾਰਗ ’ਤੇ ਨੌਂਗਜ਼ਾ ਪੀਰ ਦੇ ਸਾਹਮਣੇ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ’ਚ ਦੋਵੇਂ ਜੀਆਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਰਵੀ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਹੈਲਪਰਜ਼ ਸੁਸਾਇਟੀ ਸ਼ਾਹਾਬਾਦ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਟੀਮ ਤੇ ਐਂਬੂਲੈਂਸ ਸਣੇ ਮੌਕੇ ‘ਤੇ ਪੁੱਜੇ| ਤਿਲਕ ਰਾਜ ਨੇ ਹਾਦਸੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਤੇ ਜ਼ਖ਼ਮੀ ਡਰਾਈਵਰ ਰਵੀ ਨੂੰ ਸ਼ਾਹਬਾਦ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਹਸਪਤਾਲ ਵਿੱਚ ਮੁਢਲੀ ਇਲਾਜ ਦੌਰਾਨ ਡਰਾਈਵਰ ਰਵੀ ਨੇ ਦੱਸਿਆ ਕਿ ਸਵੇਰੇ 6:15 ਵਜੇ ਦੇ ਕਰੀਬ ਉਨ੍ਹਾਂ ਦੀ ਕਾਰ ਨੂੰ ਪਿੱਛੋਂ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਮ੍ਰਿਤਕ ਜੋੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮਾਧਵੀ ਚੰਡੀਗੜ੍ਹ ਦੇ ਇਕ ਇੰਸਟੀਚਿਊਟ ਵਿੱਚ ਪੜ੍ਹਦੀ ਹੈ ਤੇ ਉਹ ਕਾਲਜ ਗਰੁੱਪ ਨਾਲ ਟਰੇਨਿੰਗ ਲਈ ਮਲੇਸ਼ੀਆ ਗਈ ਸੀ। ਰਿੰਕੂ ਸੇਤੀਆ ਆਪਣੀ ਪਤਨੀ ਨਾਲ ਧੀ ਨੂੰ ਲੈਣ ਲਈ ਦਿੱਲੀ ਏਅਰਪੋਰਟ ਜਾ ਰਿਹਾ ਸੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।