ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 19 ਸਤੰਬਰ
ਮਹੀਨਾ ਪਹਿਲਾਂ ਪਿੰਡ ਗਿੱਲ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਡੇਹਲੋਂ ਪੁਲੀਸ ਨੇ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਪੰਨੂ ਅਤੇ ਦੋ ਹੋਰ ਨੌਜਵਾਨਾਂ ਖ਼ਿਲਾਫ਼ ਅੱਜ ਦਫ਼ਾ 124-ਏ, 153-ਏ, 153-ਬੀ ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪੰਨੂ ਸਮਰਥਕਾਂ ਦੀ ਪਛਾਣ ਲਈ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਨਾਅਰਿਆਂ ਰਾਹੀਂ ਦਾਅਵਾ ਕੀਤਾ ਗਿਆ ਸੀ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਖਾਲਿਸਤਾਨ ਹੈ। ਹਾਲਾਂਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹੀਆਂ ਦਹਿਸ਼ਤੀ ਕਾਰਵਾਈਆਂ ਮੋਰਚੇ ਨੂੰ ਢਾਹ ਲਾਉਣ ਲਈ ਕੀਤੀਆਂ ਜਾ ਰਹੀਆਂ ਹਨ। ਪੁਲੀਸ ਵੱਲੋਂ ਦਰਜ ਕੇਸ ਮੁਤਾਬਕ ਗੁਰਪਤਵੰਤ ਪੰਨੂ ਨੇ ਆਪਣੇ ਸਮਰਥਕਾਂ, ਜਸ਼ਨ ਮਾਂਗਟ (ਰਾਮਪੁਰ ਪਿੰਡ) ਤੇ ਗੁਰਬਿੰਦਰ ਬਾਬਾ (ਦੋਰਾਹਾ) ਰਾਹੀਂ 18 ਤੇ 19 ਅਗਸਤ ਦੀ ਦਰਮਿਆਨੀ ਰਾਤ ਨੂੰ ਗਿੱਲ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਮੀਕਾ ਦੇ ਦਫ਼ਤਰ ਦੇ ਨੇੜੇ ਅਤੇ ਹੋਰਨਾਂ ਇਮਾਰਤਾਂ ਦੀਆਂ ਕੰਧਾਂ ਅਤੇ ਸੜਕਾਂ ਉੱਪਰ ਲਾਲ ਰੰਗ ਸਪਰੇਅ ਨਾਲ ਖਾਲਿਸਤਾਨ ਪੱਖੀ ਨਾਅਰੇ ਲਿਖਾਏ ਸਨ। ਹਾਲਾਂਕਿ, ਰਿਪੋਰਟ ਲਿਖੇ ਜਾਣ ਤੋਂ ਇੱਕ ਮਹੀਨਾ ਬਾਅਦ ਵੀ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ। ਬੀਤੇ ਸ਼ੁੱਕਰਵਾਰ ਕੇਂਦਰੀ ਏਜੰਸੀਆਂ ਅਤੇ ਸੂਬਾ ਪੁਲੀਸ ਦੇ ਵਿਸ਼ੇਸ਼ ਦਸਤਿਆਂ ਵੱਲੋਂ ਦੋਰਾਹਾ ਤੇ ਰਾਮਪੁਰ ਪਿੰਡਾਂ ਵਿੱਚ ਵੱਡੀ ਕਾਰਵਾਈ ਕਰਨ ਮਗਰੋਂ ਤਿੰਨ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ।