ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਦਿੱਲੀ ਦੇ ਗੁਰਦੁਆਰਾ ਸੀਸਗੰਜ ਵਿਖੇ ਹੋ ਰਹੇ ਨਕਾਸ਼ੀ ਦੇ ਕੰਮ ਦੌਰਾਨ ਗੁਰਬਾਣੀ ਦੀਆਂ ਤੁਕਾਂ ਵਿੱਚ ਗ਼ਲਤੀਆਂ ਦਾ ਮਾਮਲਾ ਉਭਾਰਿਆ ਹੈ। ਉਨ੍ਹਾਂ ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਆਗੂਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲਣ ਵਾਲੇ ਦਿੱਲੀ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ ਤੇ ਹੋਰਾਂ ਦੋਸ਼ ਲਾਇਆ ਕਿ ਨਕਾਸ਼ੀ ਦੇ ਕੰਮ ਦੌਰਾਨ ਪੱਥਰ ’ਤੇ ਉਕਰੀਆਂ ਹੋਈਆਂ ਗੁਰਬਾਣੀ ਦੀਆਂ ਤੁਕਾਂ ਵਿੱਚ ਗ਼ਲਤੀਆਂ ਹਨ। ਇਨ੍ਹਾਂ ਵਿੱਚ ਲਗਾਂ ਮਾਤਰਾ ਆਦਿ ਨਹੀਂ ਹਨ, ਜਿਸ ਕਾਰਨ ਤੁਕਾਂ ਦੇ ਅਰਥ ਹੀ ਬਦਲ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਗੁਰਦੁਆਰੇ ਦੇ ਮੁੱਖ ਦਰਵਾਜ਼ੇ ’ਤੇ ਗੁਰੂ ਸਾਹਿਬ ਦੀ ਸ਼ਹਾਦਤ ਦੀ ਤਰੀਕ ਨੂੰ ਦਰਸਾਉਂਦੇ ਪੱਥਰ ਨੂੰ ਵੀ ਹਟਾ ਦਿੱਤਾ ਗਿਆ।