ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਨਵੰਬਰ
ਇੱਥੋਂ ਦੇ ਇਲਾਕੇ ਗਿਆਸਪੁਰਾ ਦੀ ਵੈਲਟੈੱਕ ਗੈਸ ਫੈਕਟਰੀ ਵਿੱਚ ਗੈਸ ਲੀਕ ਹੋਣ ਦੇ ਮਾਮਲੇ ’ਚ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਕਾਰਬਨ ਡਾਇਆਕਸਾਈਡ ਗੈਸ ਵਾਲੇ ਟੈਂਕਰ ਦੇ ਡਰਾਈਵਰ, ਕਲੀਨਰ ਤੇ ਫੈਕਟਰੀ ਦੇ ਸੁਪਰਵਾਈਜ਼ਰ ਨੂੰ ਵੱਖ-ਵੱਖ ਧਾਰਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸੁਖਜੀਤਪਾਲ ਸਿੰਘ ਵਾਸੀ ਪਿੰਡ ਦਿਲਾਵਰਪੁਰ, ਦਲੇਰ ਸਿੰਘ ਵਾਸੀ ਪਿੰਡ ਉਪਲ ਅਤੇ ਸੁਪਰਵਾਈਜ਼ਰ ਦਿਨੇਸ਼ ਚੰਦਰ ਵਾਸੀ ਗੋਪਾਲ ਨਗਰ ਵਜੋਂ ਹੋਈ ਹੈ। ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਮਜ਼ਦੂਰਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲੀਸ ਵੱਲੋਂ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀਆਂ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਗੈਸ ਕੰਟੇਨਰ ਦੇ ਦੋ ਵਾਲ ਹੁੰਦੇ ਹਨ। ਇੱਕ ਨੂੰ ਭੰਡਾਰਨ ਲਈ ਖੋਲ੍ਹਿਆ ਜਾਂਦਾ ਹੈ ਤੇ ਦੂਸਰਾ ਐਮਰਜੈਂਸੀ ਲਈ ਹੁੰਦਾ ਹੈ, ਪਰ ਮੁਲਜ਼ਮਾਂ ਨੇ ਐਮਰਜੈਂਸੀ ਵਾਲਾ ਵਾਲ ਖੋਲ੍ਹ ਦਿੱਤਾ ਤੇ ਪਾਈਪ ਸਹੀ ਢੰਗ ਨਾਲ ਨਾ ਲਾਉਣ ਕਾਰਨ ਟੈਂਕਰ ਦਾ ਵਾਲ ਫਟ ਗਿਆ। ਸੂਤਰਾਂ ਅਨੁਸਾਰ ਜਦੋਂ ਡਰਾਈਵਰ ਤੇ ਉਸ ਦਾ ਸਾਥੀ ਵਾਲ ਖੋਲ੍ਹ ਰਹੇ ਸਨ ਤਾਂ ਉਸ ਸਮੇਂ ਸੁਪਰਵਾਈਜ਼ਰ ਦਿਨੇਸ਼ ਚੰਦਰ ਉੱਥੇ ਮੌਜੂਦ ਨਹੀਂ ਸੀ ਅਤੇ ਬਾਕੀ 2 ਮਜ਼ਦੂਰਾਂ ਨੂੰ ਤਕਨੀਤੀ ਜਾਣਕਾਰੀ ਨਹੀਂ ਸੀ। ਇਸ ਦੌਰਾਨ ਡਰਾਈਵਰ ਅਤੇ ਉਸ ਦੇ ਸਾਥੀ ਨੇ ਬਗੈਰ ਪੁੱਛੇ ਵਾਲ ਖੋਲ੍ਹ ਦਿੱਤਾ ਅਤੇ ਗੈਸ ਲੀਕ ਹੋਣ ਮਗਰੋਂ ਪੂਰੇ ਇਲਾਕੇ ’ਚ ਫੈਲ ਗਈ। ਪੁਲੀਸ ਵੱਲੋਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹੁਣ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।