ਪੱਤਰ ਪ੍ਰੇਰਕ
ਬਨੂੜ, 14 ਸਤੰਬਰ
ਅਜ਼ੀਜ਼ਪੁਰ ਦੇ ਟੌਲ ਪਲਾਜ਼ਾ ’ਤੇ ਟੌਲ ਕਰਮਚਾਰੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਬਨੂੜ ਪੁਲੀਸ ਨੇ ਤਿੰਨ ਅਣਪਛਾਤੇ ਨੌਜਵਾਨਾਂ ’ਤੇ ਕੇਸ ਦਰਜ ਕੀਤਾ ਹੈ। ਕੁੱਟਮਾਰ ਦੀ ਘਟਨਾ ਸਬੰਧੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਕਾਰਪੀਓ ਗੱਡੀ ਵਿੱਚ ਸਵਾਰ ਤਿੰਨ ਨੌਜਵਾਨ ਟੌਲ ਕਰਮਚਾਰੀ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਪੀੜਤ ਹਰਵਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਖਿਜ਼ਰਗੜ੍ਹ (ਕਨੌੜ) ਨੇ ਦੱਸਿਆ ਕਿ ਬੀਤੀ 11 ਸਤੰਬਰ ਨੂੰ ਕਾਰ ਸਵਾਰ ਨੌਜਵਾਨ ਵੀਆਈਪੀ ਲਾਈਨ ਵਿੱਚੋਂ ਬਿਨਾਂ ਟੌਲ ਤੋਂ ਲੰਘਣ ਦੀ ਜ਼ਿੱਦ ਕਰ ਰਹੇ ਸਨ। ਉਨ੍ਹਾਂ ਵੱਲੋਂ ਅਜਿਹਾ ਕਰਨ ਤੋਂ ਰੋਕਣ ’ਤੇ ਉਸ ਦੀ ਡੰਡੇ ਨਾਲ ਕੁੱਟਮਾਰ ਕੀਤੀ ਗਈ। ਜਾਂਚ ਅਧਿਕਾਰੀ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।