ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਗਸਤ
ਇਥੇ ਦੀ ਪੁਲੀਸ ਨੇ ਪਨਸਪ ’ਚ 3.13 ਕਰੋੜ ਰੁਪਏ ਦੇ ਘੁਟਾਲੇ ਸਬੰਧੀ ਪਨਸਪ ਇੰਸਪੈਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਨਸਪ ਦੇ ਛੋਟੀ ਬਾਰਾਂਦਰੀ ਸਥਿਤ ਜ਼ਿਲ੍ਹਾ ਦਫਤਰ ਵਿਚ ਜ਼ਿਲ੍ਹਾ ਮੈਨੇਜਰ ਵਜੋਂ ਤਾਇਨਾਤ ਅਮਿਤ ਕੁਮਾਰ (ਡੀਐਮ ਪਨਸਪ) ਵੱਲੋਂ ਇੰਸਪੈਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤਹਿਤ ਥਾਣਾ ਸਦਰ ਪਟਿਆਲਾ ਵਿਚ ਪਨਸਪ ਇੰਸਪੈਕਟਰ ਗੁਰਿੰਦਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਗਿਆ। ਜ਼ਿਲ੍ਹਾ ਮੈਨੇਜਰ ਨੇ ਕਿਹਾ ਕਿ ਗੁਰਿੰਦਰ ਸਿੰਘ ਜਦੋਂ ਪਨਸਪ ਦੇ ਇੱਕ ਸੈਂਟਰ ਦਾ ਇੰਚਾਰਜ ਸੀ ਤਾਂ 2020-21 ਅਤੇ ਸਾਲ 2022-23 ਦੇ ਫਸਲ ਦੇ ਸਟਾਕ ਵਿੱਚ 3,13,22,138 ਰੁਪਏ ਦਾ ਘੁਟਾਲਾ ਮਿਲਿਆ। ਇਹ ਇੰਸਪੈਕਟਰ ਇਸ ਸਾਲ 20 ਜੁਲਾਈ ਤੋਂ ਗੈਰਹਾਜ਼ਰ ਚੱਲ ਰਿਹਾ ਹੈ। ਡੀਐਸਪੀ (ਆਰ) ਗੁਰਦੇਵ ਸਿੰਘ ਧਾਲੀਵਾਲ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।