ਪੱਤਰ ਪ੍ਰੇਰਕ
ਸ਼ਾਹਕੋਟ, 17 ਅਕਤੂਬਰ
ਇੱਥੇ ਥਾਣਾ ਸ਼ਾਹਕੋਟ ਅਧੀਨ ਆਉਂਦੀ ਚੌਕੀ ਮਲਸੀਆਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਗੁਰਭੇਜ ਸਿੰਘ ਉਰਫ ਭੋਲਾ ਵਾਸੀ ਈਸੇਵਾਲ ਨੇ ਪਿੰਡ ਮੀਰਪੁਰ ਸੈਦਾ ਨੇੜੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਇਸ ਦੌਰਾਨ ਉੱਥੋਂ ਲੰਘ ਰਹੇ ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਸਕੂਲ ਮਲਸੀਆਂ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਗੁਰਜੋਤ ਸਿੰਘ ਜੋਤਾ (15) ਵਾਸੀ ਹੇਰਾਂ ਅਤੇ ਹਰਦੇਵ ਸਿੰਘ (60) ਵਾਸੀ ਨਿਮਾਜੀਪੁਰ ਦੇ ਵਾਹਨਾਂ ਦੀ ਪਰਾਲੀ ਦੇ ਧੂੰਏਂ ਕਾਰਨ ਭਿਆਨਕ ਟੱਕਰ ਹੋ ਗਈ ਸੀ। ਇਸ ਟੱਕਰ ’ਚ ਉਕਤ ਦੋਹਾਂ ਦੀ ਥਾਂ ’ਤੇ ਹੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪੁਲੀਸ ਨੇ ਕਿਸਾਨ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।