ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 17 ਅਗਸਤ
ਦੋ ਕਰੋੜ ਤੋਂ ਵੱਧ ਦੇ ਮੁੱਲ ਦੀ ਕਣਕ ਘੁਟਾਲੇ ਦੇ ਦੋਸ਼ਾਂ ਤਹਿਤ ਥਾਣਾ ਸਰਹਿੰਦ ਦੀ ਪੁਲੀਸ ਵੱਲੋਂ ਪੰਜਾਬ ਐਗਰੋ ਦੇ ਕਥਿਤ ਖਾਦ ਕਲਰਕ ਪਵਨਦੀਪ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੀਏਐਫਸੀ (ਪੰਜਾਬ ਐਗਰੋ ਫੂਡ ਗਰੇਨਜ਼ ਕਾਰਪੋਰੇਸ਼ਨ) ਦੇ ਰਿਜ਼ਨਲ ਮੈਨੇਜਰ ਚੰਦਰ ਸ਼ੇਖਰ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਭੱਟੀ ਗੋਦਾਮ ਸਰਹਿੰਦ ਵਿਖੇ ਪਵਨਦੀਪ ਸਿੰਘ ਖਾਦ ਕਲਰਕ (ਪਲਿੰਥ ਇੰਚਾਰਜ) ਵਜੋਂ ਤਾਇਨਾਤ ਸੀ ਜਿਸ ਵੱਲੋਂ ਵੱਖ-ਵੱਖ ਸਪੈਸ਼ਲਾਂ/ਰਿਲੀਜ਼ ਆਰਡਰਾਂ ਰਾਹੀਂ 2 ਲੱਖ 87 ਹਜ਼ਾਰ 153 ਬੋਰੀਆਂ ਕਣਕ ਐਫ.ਸੀ.ਆਈ. ਨੂੰ ਨਿਕਾਸੀ ਕਰਵਾਈ ਗਈ ਸੀ ਜਿਸ ਤੋਂ ਬਾਅਦ ਗੋਦਾਮ ’ਚ ਪਏ ਕਣਕ ਦੇ ਸਟਾਕ ਦੀ ਜਦੋਂ ਜਾਂਚ ਕੀਤੀ ਗਈ ਤਾਂ 15 ਹਜ਼ਾਰ 574 ਕਣਕ ਦੀਆਂ ਬੋਰੀਆਂ ਘੱਟ ਪਾਈਆਂ ਗਈਆਂ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਅਜਿਹਾ ਕਰਕੇ ਪਵਨਦੀਪ ਸਿੰਘ ਕਲਰਕ ਵੱਲੋਂ ਪੀ.ਏ.ਐਫ.ਸੀ. ਨੂੰ ਕਰੀਬ 2 ਕਰੋੜ 40 ਲੱਖ 52 ਹਜ਼ਾਰ 408 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾ ਕੇ ਘੁਟਾਲਾ ਕੀਤਾ ਗਿਆ ਹੈ। ਡੀ.ਐਸ.ਪੀ. (ਡੀ) ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਿਕਾਇਤ ਦੀ ਕੀਤੀ ਗਈ ਪੜਤਾਲ ਦੌਰਾਨ ਗਬਨ ਕਰਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਸਹੀ ਪਾਏ ਗਏ ਜਿਸ ’ਤੇ ਪਵਨਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ। ਉਪਰੋਕਤ ਮਾਮਲੇ ਦੀ ਤਫਤੀਸ਼ ਡੀ.ਐਸ.ਪੀ. ਸੁਖਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।